
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਭਗਵੰਤ ਮਾਨ ਦੀ ਸਰਕਾਰ ਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਖਾਲੀ ਖਜਾਨੇ ਦਾ ਢੰਡੋਰਾ ਪਿੱਟਦੇ ਹੋਏ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵੱਡੇ ਵੱਡੇ ਵਾਅਦਿਆਂ ਚੋਂ ਔਰਤਾਂ ਨੂੰ ਹਰ ਮਹੀਨੇ ਹਜਾਰ ਹਜ਼ਾਰ ਰੁਪਿਆ ਦੇਣ ਤੋਂ ਪੱਲਟਦਿਆਂ ਹੋਇਆਂ ਖਜਾਨਾ ਭਰਨ ਤੇ ਹੀ ਔਰਤਾਂ ਨੂੰ 1000-1000 ਰੁਪਏ ਦੇਣ ਦਾ ਬਿਆਨ ਦੇ ਕੇ ਪੰਜਾਬ ਦੀਆਂ ਔਰਤਾਂ ਦਾ ਅਪਮਾਨ ਕੀਤਾ ਹੈ । ਇਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਸੰਮਤੀ ਮੈਂਬਰ ਗਗਨਦੀਪ ਚਾਣਥੂ ਨੇ ਪੱਤਰਕਾਰਾਂ ਨਾਲ ਕੀਤਾ । ਉਨਾਂ ਕਿਹਾ ਕਿ ਸਿਆਣਿਆਂ ਦੀ ਇੱਕ ਕਹਾਵਤ ਪੰਜਾਬ ਦੀ ਮਾਨ ਸਰਕਾਰ ਤੇ ਹੂਬਹੂ ਲਾਗੂ ਹੁੰਦੀ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਹੁੰਦੇ ਹਨ ਉਨਾਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀ ਸਖਤ ਲਫਜਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਔਰਤਾਂ ਦੇ ਨਾਲ ਕੀਤੇ ਵਾਅਦੇ ਮੁਤਾਬਿਕ ਔਰਤਾਂ ਦੇ ਅਕਾਉਂਟ ਵਿੱਚ 1000 , 1000 ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ । ਪਰ ਉਹ ਸਾਰੇ ਦੇ ਸਾਰੇ ਔਰਤਾਂ ਨੂੰ ਹਜਾਰ ਹਜਾਰ ਰੁਪਏ ਦੇਣ ਦੇ ਵਾਅਦੇ ਖੋਖਲੇ ਸਿੱਧ ਹੋਏ ਹਨ । ਜਿਸ ਦਾ ਪੰਜਾਬ ਦੇ ਲੋਕ ਜੋਰਦਾਰ ਤਰੀਕੇ ਨਾਲ ਵਿਰੋਧ ਕਰਨਗੇ ਤੇ ਆਪਣਾ ਹੱਕ ਪ੍ਰਾਪਤ ਕਰ ਕੇ ਰਹਿਣਗੇ । ਉਨਾਂ ਕਿਹਾ ਕਿ ਪੰਜਾਬ ਦੇ ਲੋਕ ਜੇਕਰ ਕਿਸੇ ਵਿਅਕਤੀ ਨੂੰ ਚੁਬਾਰੇ ਤੇ ਚਾੜ ਸਕਦੇ ਹਨ ਤੇ ਚੁਬਾਰੇ ਤੇ ਚੜੇ ਹੋਏ ਵਿਅਕਤੀ ਨੂੰ ਧੱਕਾ ਦੇ ਕੇ ਹੇਠਾਂ ਵੀ ਸੁੱਟ ਸਕਦੇ ਹਨ ।