
ਸੰਗਰੂਰ(ਜਗਸੀਰ ਸਿੰਘ )– ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਅਤੇ ਪ੍ਰੋ. ਓਕਾਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਵਿੱਚ ਸ਼ਮੂਲੀਅਤ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਪਿੰਡ ਸੱਚਖੰਡ ਬੱਲਾਂ ਲਈ ਰਵਾਨਾ ਕੀਤਾ ਗਿਆ। ਇਹ ਯਾਤਰਾ 18 ਨਵੰਬਰ 2026 ਤੋਂ 3 ਦਸੰਬਰ 2026 ਤੱਕ ਚੱਲੇਗੀ। ਇਸ ਯਾਤਰਾ ਦੀ ਸ਼ੁਰੂਆਤ ਜਲੰਧਰ ਦੇ ਪਿੰਡ ਬੱਲਾਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਅਤੇ ਪਦਮ ਸ਼੍ਰੀ ਸੰਤ ਨਿਰੰਜਣ ਦਾਸ ਜੀ ਵੱਲੋਂ ਕੀਤੀ ਜਾਵੇਗੀ।
ਇਹ ਸਮਰਸਤਾ ਸੰਕਲਪ ਯਾਤਰਾ ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ, ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚੋਂ ਹੁੰਦੀ ਹੋਈ ਹਿਮਾਚਲ ਪ੍ਰਦੇਸ਼ ਜਾਵੇਗੀ। ਇਹ ਯਾਤਰਾ ਕੁੱਲ 2,558 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਸੱਤ ਪ੍ਰਦੇਸ਼ਾਂ ਵਿੱਚੋਂ ਲੰਘਦਿਆਂ 47 ਸ਼ਹਿਰਾਂ ਦੀਆਂ ਕਰੋੜਾਂ ਸੰਗਤਾਂ ਨਾਲ ਜੁੜੇਗੀ। ਇਸ ਯਾਤਰਾ ਦੀ ਸਮਾਪਤੀ 3 ਦਸੰਬਰ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਵਿਖੇ ਹੋਵੇਗੀ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਇਸ ਯਾਤਰਾ ਦੀ ਸਮਾਪਤੀ ਕਰਨਗੇ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਜੀਵਨ ਜਿੰਦਲ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਦੇਸ਼ ਦੇ ਹਰ ਪਿੰਡ, ਹਰ ਸਮਾਜ ਅਤੇ ਹਰ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਵੱਲੋਂ ਦਿੱਤੇ ਸਮਾਨਤਾ, ਭਾਈਚਾਰੇ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
ਇਸ ਮੌਕੇ ਗਿਆਨ ਮਾਨ, ਭੁਪੇਸ਼ ਜਿੰਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ, ਜਗਦੇਵ ਜਿੰਦਲ, ਗੁਰਸ਼ਰਨ ਸਿੰਘ, ਸੁਰਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਵਿਜੇ ਸਾਹਨੀ ਜ਼ਿਲ੍ਹਾ ਜਨਰਲ ਸਕੱਤਰ, ਪਰਮਿੰਦਰ ਭਿੰਦੀ ਜ਼ਿਲ੍ਹਾ ਜਨਰਲ ਸਕੱਤਰ, ਡਾ. ਭਗਵਾਨ ਸਿੰਘ, ਦਰਸ਼ਨ ਸਿੰਘ, ਸੁੱਖਵਿੰਦਰ ਸਿੰਘ, ਆਵਾ ਸਿੰਘ, ਅਰਜਿੰਦਰ ਸਿੰਘ, ਕੁਲਦੀਪ ਸਿੰਘ, ਨਰਪਿੰਦਰ ਗੋਰਾ ਜ਼ਿਲ੍ਹਾ ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ, ਹਰਪ੍ਰੀਤ ਹੈਪੀ ਜ਼ਿਲ੍ਹਾ ਯੁਵਾ ਪ੍ਰਧਾਨ, ਅਮੀਰ ਸਿੰਘ, ਰਮਨ, ਗੁਰਵਿੰਦਰ ਗੋਰਾ ਯੁਵਾ ਮੋਰਚਾ ਮੰਡਲ ਪ੍ਰਧਾਨ ਧੂਰੀ, ਲਖਵੀਰ ਸਿੰਘ ਸਰਪੰਚ, ਗੁਰਦੀਪ ਸਿੰਘ, ਜਸਵੀਰ ਸਿੰਘ, ਅਮਨ ਸਿੰਘ, ਕਾਲਾ ਸਿੰਘ, ਹਰਪਾਲ ਸਿੰਘ ਪਲਾਸੋਰ, ਬਲਦੇਵ ਸਿੰਘ ਭੋਜੋਵਾਲੀ, ਸੁੱਖਪਾਲ ਸਿੰਘ ਕਾਝਲਾਂ, ਹਰਬੰਸ ਸਿੰਘ ਨੱਤ, ਸੁਰਿੰਦਰ ਸਿੰਘ ਬਾਲੀਆਂ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਅਤੇ ਸਰਨ ਸਿੰਘ ਕਾਤਰੋ ਸਮੇਤ ਹੋਰ ਪਤਵੰਤੇ ਹਾਜ਼ਰ ਸਨ।