ਧਰੁਵ ਰਾਠੀ ਵਿਰੁੱਧ ਫ਼ੌਜ ਨੂੰ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਹੋਵੇ: ਪ੍ਰੋ. ਸਰਚਾਂਦ ਸਿੰਘ ਖਿਆਲਾ ਰਾਹੁਲ ਗਾਂਧੀ ਤੇ ਕੇਜਰੀਵਾਲ ਦੀ ਸਿਆਸਤ ਦੇਸ਼ ਵਿੱਚ ਅਸਥਿਰਤਾ ਤੇ ਅਰਾਜਕਤਾ ਪੈਦਾ ਕਰਨ ਵੱਲ ਵਧ ਰਹੀ ਹੈ

Share and Enjoy !

Shares

ਅੰਮ੍ਰਿਤਸਰ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਿਆਸਤ ਦੇਸ਼ ਵਿੱਚ ਅਸਥਿਰਤਾ ਤੇ ਅਰਾਜਕਤਾ ਪੈਦਾ ਕਰਨ ਵੱਲ ਵਧ ਰਹੀ ਹੈ। ਉਨ੍ਹਾਂ ਨੇ ‘ਕਾਕਰੋਚ ਜਨਤਾ ਪਾਰਟੀ’ ਵਰਗੇ ਮੰਚਾਂ ਰਾਹੀਂ ਨੌਜਵਾਨਾਂ, ਖ਼ਾਸ ਕਰਕੇ ਜਨਰੇਸ਼ਨ-ਜ਼ੈੱਡ (Gen Z), ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਦੇ ਯਤਨਾਂ ਦੀ ਸਖਤ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਸੱਤਾ ਦੀ ਲਾਲਸਾ ਵਿੱਚ ਨੌਜਵਾਨਾਂ ਅਤੇ ਤਿਰੰਗੇ ਨੂੰ ਢਾਲ ਬਣਾਉਣਾ ਵਿਰੋਧੀ ਧਿਰ ਦੀ ਸਿਆਸੀ ਗਿਰਾਵਟ ਨੂੰ ਦਰਸਾਉਂਦਾ ਹੈ। ਲੋਕਤੰਤਰ ਵਿੱਚ ਸਰਕਾਰ ਦਾ ਵਿਰੋਧ ਕਰਨਾ ਹਰ ਕਿਸੇ ਦਾ ਹੱਕ ਹੈ, ਪਰ ਫ਼ੌਜ ਅਤੇ ਪੁਲਿਸ ਨੂੰ ਚੁਣੀ ਹੋਈ ਸਰਕਾਰ ਵਿਰੁੱਧ ਭੜਕਾਉਣਾ ਕੌਮੀ ਸੁਰੱਖਿਆ ਅਤੇ ਸੰਵਿਧਾਨਕ ਵਿਵਸਥਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪ੍ਰੋ. ਖਿਆਲਾ ਨੇ ਜਰਮਨੀ ਵਿੱਚ ਰਹਿਣ ਵਾਲੇ ਇਨਫਲੂਐਂਸਰ ਅਤੇ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਆਗੂ ਧਰੁਵ ਰਾਠੀ ਦੇ ਇਕ ਬਿਆਨ ਰਾਹੀਂ ਭਾਰਤੀ ਫ਼ੌਜ ਅਤੇ ਪੁਲਿਸ ਨੂੰ ਚੁਣੀ ਹੋਈ ਸਰਕਾਰ ਵਿਰੁੱਧ ਉਕਸਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਧਰੁਵ ਰਾਠੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਫ਼ੌਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਿਆਸੀ ਟਕਰਾਅ ਵਿੱਚ ਘਸੀਟਣ ਦੇ ਕਿਸੇ ਵੀ ਯਤਨ ਵਿਰੁੱਧ ਸਖ਼ਤ ਰੁਖ਼ ਅਪਣਾਇਆ ਜਾਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇੱਕ ਪ੍ਰੋਗਰਾਮ ਦੌਰਾਨ ਧਰੁਵ ਰਾਠੀ ਨੇ ਕਥਿਤ ਤੌਰ ’ਤੇ ਭੜਕਾਊ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪੂਰੀ ਫ਼ੌਜ ਇਕੱਠਿਆਂ ਆਵਾਜ਼ ਉਠਾਵੇ ਅਤੇ ਅਸਤੀਫ਼ੇ ਦੇ ਦੇਵੇ ਤਾਂ ਸਰਕਾਰ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅਜਿਹੀ ਟਿੱਪਣੀ ਲੋਕਤੰਤਰੀ ਮਰਿਆਦਾਵਾਂ ਦੀ ਉਲੰਘਣਾ ਹੈ ਅਤੇ ਦੇਸ਼ ਦੀਆਂ ਸੁਰੱਖਿਆ ਸੰਸਥਾਵਾਂ ਨੂੰ ਸਿਆਸੀ ਟਕਰਾਅ ਵਿੱਚ ਧੱਕਣ ਵਾਲੀ ਖ਼ਤਰਨਾਕ ਤੇ ਦੇਸ਼ ਧ੍ਰੋਹੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਧਰੁਵ ਰਾਠੀ ਦੀਆਂ ਟਿੱਪਣੀਆਂ ਦਾ ਭਾਰਤੀ ਫ਼ੌਜ ਅਤੇ ਹਵਾਈ ਫ਼ੌਜ ਦੇ ਸਾਬਕਾ ਸੈਨਿਕਾਂ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਦਾ ਸਵਾਗਤ ਕੀਤਾ। ਪ੍ਰੋ. ਖਿਆਲਾ ਨੇ ਕਿਹਾ ਕਿ ਫ਼ੌਜ ਅਤੇ ਪੁਲਿਸ ਨੂੰ ਸਿਆਸੀ ਹਿੱਤਾਂ ਲਈ ਵਰਤਣ ਜਾਂ ਚੁਣੀ ਹੋਈ ਸਰਕਾਰ ਵਿਰੁੱਧ ਉਕਸਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕੌਮੀ ਸੁਰੱਖਿਆ ਅਤੇ ਸੰਵਿਧਾਨਕ ਲੋਕਤੰਤਰ ਦੇ ਵਡੇਰੇ ਹਿੱਤ ਵਿੱਚ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

About Post Author

Share and Enjoy !

Shares

Leave a Reply

Your email address will not be published.