
(ਜੋਗਿੰਦਰ ਸਿੰਘ ਭੋਲਾ) ਗੁਰੂਹਰਸਹਾਏ।
ਸਰਹੱਦ ਤੇ ਤੈਨਾਤ ਬੀ ਐਸ ਐਫ ਦੀ 160 ਬਟਾਲੀਅਨ ਅਧੀਨ ਆਉਦੀ ਚੈਕ ਪੋਸਟ ਢਾਣੀ ਨੱਥਾ ਸਿੰਘ ਵਾਲਾ ਅਧੀਨ ਹਿੰਦ -ਪਾਕ ਬਾਰਡਰ ਤੇ ਲੱਗੀ ਤੇ ਲੱਗੀ ਕੰਡਿਆਲੀ ਦੇ ਗੇਟ ਨੰਬਰ 227 / 2 ਤੋ ਪਾਰ ਜੀਰੋ ਲਾਈਨ ਤੇ ਕੰਡਿਆਲੀ ਤਾਰ ਦੇ ਅੰਦਰ ਪੀਰ ਬਾਬਾ ਘਮੰਡ ਸਿੰਘ ਦੀ ਮਜਾਰ ਤੇ ਲੱਗੇ ਸਲਾਨਾ ਜੋੜ ਮੇਲੇ ਦਾ ਪੂਰਾ ਦਿਨ ਸੰਗਤਾਂ ਨੇ ਅਨੰਦ ਮਾਣਿਆ । ਕੌਮਾਤਰੀ ਸਰਹੱਦ ਤੇ ਬਣੇ ਗੇਟ ਤੋ ਬੀ ਐਸ ਐਫ ਦੇ ਜਵਾਨਾ ਅਤੇ ਮਹਿਲਾਂ ਕਾਂਸਟੇਬਲਾਂ ਵੱਲੋ ਉੱਚ ਅਫਸਰਾਂ ਦੀ ਨਿਗਰਾਨੀ ਹੇਠ ਮੇਲਾ ਕਮੇਟੀ ਦੇ ਆਗੂਆ ਅਤੇ ਬੀ ਐਸ ਐਫ ਦੇ ਕੰਪਨੀ ਕਮਾਡਰ ਅਸਿਸਟੈਂਟ ਕਮਾਂਡੈਂਟ ਸ਼ੌਬੀ ਚੰਦ ਯਾਦਵ ਆਦਿ ਵੱਲੋ ਸਾਝੇ ਤੌਰ ਬਾਬਾ ਦੀ ਮਜਾਰ ਤੇ ਚਾਂਦਰ ਚੜਾਈ ਗਈ ,ਉਸ ਤੋ ਬਾਅਦ ਹਰੇਕ ਵਿਅਕਤੀ ਚਾਹੇ ਉਹ ਔਰਤ ਹੋਵੇ ਬੁੱਢਾ, ਬੱਚਾ ਜਾਂ ਜਵਾਨ ਪੂਰੀ ਤਰਾਂ ਜਾਂਚ ਪੜਤਾਲ ਕਰਨ ਅਤੇ ਤਲਾਸ਼ੀ ਲੈਣ ਉਪਰੰਤ ਹੀ ਮਜਾਰ ਤੱਕ ਜਾਣ ਦੀ ਇਜਾਜਤ ਦਿੱਤੀ ਜਾਂਦੀ ਸੀ ਜਿਥੇ ਲੋਕ ਮੱਥਾ ਟੇਕ ਕੇ ਤੁਰੰਤ ਹੀ ਵਾਪਸ ਆ ਰਹੇ ਸਨ ਤੇ ਇਸ ਵਾਸਤੇ ਲੱਗੀਆਂ ਲਾਈਨਾਂ ਦੇ ਕਾਰਨ ਲੋਕਾਂ ਨੂੰ ਕਾਫੀ ਦੇਰ ਇੰਤਜਾਰ ਵੀ ਕਰਨਾ ਪੈਂ ਰਿਹਾ ਸੀ। ਮਜਾਰ ਦੇ ਆਸ ਪਾਸ ਜੀਰੋ ਲਾਈਨ ਤੇ ਬੀ ਐਸ ਐਫ ਦੇ ਜਵਾਨਾ ਵੱਲੋ ਸੁਰੱਖਿਆ ਸਬੰਧੀ ਕੀਤੇ ਕਰੜੇ ਪ੍ਰਬੰਧ ਕੀਤੇ ਗਏ ਸਨ । ਕੰਡਿਆਲੀ ਤਾਰ ਤੋ ਪਹਿਲਾ ਖੁੱਲੇ ਗਰਾਊਂਡ ਵਿੱਚ ਮੇਲੇ ਦੌਰਾਨ ਵੱਖ-ਵੱਖ ਤਰਾ ਦੀਆ ਦੁਕਾਨਾ , ਝੂਲੇ ਲੱਗੇ ਹੋਏ ਸਨ । ਮੇਲਾ ਦੋਰਾਨ ਐਕਸੀਅਨ ਸੁਰਿੰਦਰਪਾਲ ਸਿੰਘ ਦੇ ਸਹਿਯੋਗ ਸਦਕਾ ਸਮਾਜ ਸੇਵਕਾ ਬੀਬੀ ਕਸ਼ਮੀਰ ਕੌਰ ਦੀ ਅਗਵਾਈ ਹੇਠ ਪਰਿਵਾਰਕ ਮੈਬਰਾ ਵੱਲੋ ਮੇਲੇ ਦੌਰਾਨ ਪੂੜੀਆ ਛੋਲਿਆ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਸਰਪੰਚ ਬੂਟਾ ਸਿੰਘ ਢਾਣੀ ਨੱਥਾ ਸਿੰਘ , ਇੰਸਪੈਕਟਰ ਮਨੋਜ ਕੁਮਾਰ, ਇੰਸਪੈਕਟਰ ਚੰਦਨ ਆਦਿ ਹਾਜ਼ਰ ਸੀ।