
– ਜੇਕਰ ਹੀਰਾ ਸਿੰਘ ਗਾਬੜੀਆ ਦੀ ਰਹਿਨੁਮਾਈ ਹੇਠ ਵਰਕਰਾਂ ਨੂੰ ਕੀਤਾ ਲਾਮਬੰਦ
(ਹਰਪ੍ਰੀਤ ਸਿੰਘ ਕੈਲੇ) ਸ਼੍ਰੀ ਮਾਛੀਵਾੜਾ ਸਾਹਿਬ।
ਹਲਕਾ ਸਮਰਾਲਾ ਤੋਂ ਸ਼੍ਰੋਅਦ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਕੋਰ ਕਮੇਟੀ ਜਥੇ.ਹੀਰਾ ਸਿੰਘ ਗਾਬੜੀਆਂ ਦੀ ਰਹਿਨੁਮਾਈ ‘ਚ ਪਾਰਟੀ ਦੇ ਸਮੁੱਚੇ ਆਗੂਆਂ ਦੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸੱਦੀ ਗਈ। ਜਿਸ ਵਿਚ ਹਲਕਾ ਮਾਛੀਵਾੜਾ ਦੇ ਕਈ ਪਿੰਡਾਂ ਤੋਂ ਪਾਰਟੀ ਵਰਕਰ ਵੱਡੀ ਗਿਣਤੀ ‘ਚ ਸ਼ਾਮਿਲ ਹੋਏ। ਮੀਟਿੰਗ ‘ਚ ਜਥੇ.ਗਾਬੜੀਆਂ ਦੇ ਨਾਲ ਸਹਿ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ.ਗਾਬੜੀਆਂ ਨੇ ਸਭ ਤੋਂ ਪਹਿਲਾਂ ਪਰਮਜੀਤ ਢਿੱਲੋਂ ਨੂੰ ਸ਼੍ਰੀ ਚਮਕੌਰ ਸਾਹਿਬ ਦੇ ਆਬਜਰਵਰ ਦਾ ਅਹੁਦਾ ਮਿਲਣ ਤੇ ਵਧਾਈ ਦਿੱਤੀ, ਉਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਮੁੱਢ ਤੋਂ ਹੀ ਪਾਰਟੀ ਲਈ ਕੁਝ ਕਰ ਗੁਜਰਨ ਦਾ ਜਜਬਾ ਰੱਖਣ ਵਾਲੇ ਵਰਕਰਾਂ ਤੇ ਆਗੂਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ ਕੇ ਹਮੇਸ਼ਾ ਹੀ ਉਨਾਂ ਦੀ ਹੌਸਲਾ ਅਫਜਾਈ ਕੀਤੀ ਹੈ ਤਾਂ ਕਿ ਉਹ ਆਉਣ ਵਾਲੇ ਸਮੇਂ ਵਿਚ ਹੋਰ ਵੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਕੇ ਉਸਨੂੰ ਇਕ ਚੱਟਾਨ ਵਾਂਗ ਹੋਰ ਮਜ਼ਬੂਤ ਕਰਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸੇ ਦੂਰਦਰਸ਼ੀ ਸੋਚ ਨੂੰ ਅਮਲੀਜਾਮਾ ਪਹਿਨਾਉਦੇ ਹੋਏ ਪਰਮਜੀਤ ਢਿੱਲੋਂ ਨੂੰ ਸ਼੍ਰੀ ਚਮਕੌਰ ਸਾਹਿਬ ਦਾ ਆਬਜਰਵਰ ਥਾਪਿਆ ਹੈ ਤਾਂ ਕਿ ਉਹ ਪਾਰਟੀ ਨੂੰ ਚੜਦੀ ਕਲਾ ਵਿਚ ਲਿਜਾਣ ‘ਚ ਆਪਣਾ ਯੋਗਦਾਨ ਪਾ ਸਕਣ, ਉਨਾਂ ਇਲਾਕੇ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਪਰਮਜੀਤ ਢਿੱਲੋਂ ਦੇ ਮੋਢੇ ਨਾਲ ਮੋਢਾ ਜੋੜਕੇ, ਉਹ ਅਕਾਲੀ ਦਲ ਦੀ ਬਿਹਤਰੀ ਲਈ ਕੰਮ ਕਰਨ, ਕਿਉਂਕਿ ਸ਼੍ਰੋਅਦ ਹੀ ਅਜਿਹੀ ਜੁਝਾਰੂ ਪਾਰਟੀ ਹੈ ਜਿਸਨੇ ਆਪਣੇ ਕਾਰਜਕਾਲ ਵਿਚ ਸਾਰੇ ਵਰਗਾਂ ਦੀ ਬਿਹਤਰੀ ਲਈ ਵੱਡੇ-ਵੱਡੇ ਇਤਿਹਾਸਕ ਫੈਸਲੇ ਲਏ ਹਨ। ਹਲਕਾ ਇੰਚਾਰਜ ਪਰਮਜੀਤ ਢਿੱਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇ.ਹੀਰਾ ਸਿੰਘ ਗਾਬੜੀਆਂ ਅਤੇ ਜਗਦੀਪ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ‘ਚ ਪਰਮਜੀਤ ਢਿੱਲੋਂ ਨੇ ਕਿਹਾ ਕਿ ਉਹ ਹਾਈਕਮਾਂਡ ਦੇ ਨਿਰਦੇਸ਼ਾਂ ਮੁਤਾਬਕ ਅਕਾਲੀ ਦਲ ਦਾ ਜਥੇਬੰਦਕਲ ਢਾਂਚਾ ਹੋਰ ਮਜ਼ਬੂਤ ਕਰਨ ਲਈ ਪੂਰੀ ਵਿਉਂਤਬੰਦੀ ਨਾਲ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣਗੇ ਤਾਂ ਜੋ ਭਵਿੱਖ ‘ਚ ਨਵੀਆਂ ਅਹੁਦੇਦਾਰੀਆਂ ਨਾਲ ਪਾਰਟੀ ਦਾ ਆਧਾਰ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਹਲਕਾ ਮਾਛੀਵਾੜਾ ਸਾਹਿਬ ਦੇ ਸਮੁੱਚੇ ਆਗੂ, ਵਰਕਰ ਤੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਪੰਚ, ਸਰਪੰਚ ਤੇ ਹੋਰ ਅਹੁਦੇਦਾਰ ਹਾਜਰ ਸਨ।