
(ਗੁਰਵਿੰਦਰ ਸਿੰਘ ਚਹਿਲ) ਭੀਖੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੋਏ ਆਦੇਸ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਫਲੈਕਸ ਬੋਰਡ ਲਗਾਉਣ ਦੀ ਚੱਲ ਰਹੀ ਰੋਸ ਮੁਹਿੰਮ ਤਹਿਤ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਭੀਖੀ ਵਿਖੇ ਕਸਬੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਕ-ਜੁਟਤਾ ਦਾ ਪ੍ਰਗਟਾਵਾ ਕਰਦਿਆਂ ਫਲੈਕਸ ਬੋਰਡ ਲਗਾ ਕੇ ਸਮੇਂ ਦੀਆਂ ਸਰਕਾਰਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਅਜੈਬ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੰਗਤਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਰੋਸ ਜਾਹਿਰ ਕੀਤਾ ਹੈ ਕਿ ਸਿੱਖਾਂ ਨੂੰ ਆਪਣੇ ਹੀ ਦੇਸ ਅੰਦਰ ਬਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਜਦੋਂ ਕਿ ਸੰਗੀਨ ਦੋਸਾਂ ਤਹਿਤ ਜੇਲਾਂ ਅੰਦਰ ਵਿਸੇਸ ਵਿਅਕਤੀਆਂ ਨੂੰ ਸਾਰੀਆਂ ਸਹੂਲਤਾਂ ਸਮੇਂ-ਸਮੇਂ ਪੈਰੋਲ ਦਿੱਤੀ ਜਾ ਰਹੀ ਹੈ ਜੋ ਬਰਦਾਸਤ ਨਹੀਂ ਕੀਤੀ ਜਾ ਸਕਦੀ।ਸੰਗਤਾਂ ਵੱਲੋਂ ਕੌਮ ਦੀ ਚੜਦੀਕਲਾ ਲਈ ਅਤੇ ਆ ਰਹੀਆਂ ਦਰਪੇਸ ਚਣੌਤੀਆਂ ਦੇ ਟਾਕਰੇ ਵਾਸਤੇ ਕੌਮ ਦੇ ਆਗੂਆਂ ਦੀ ਰਹਿਨੁਮਾਈ ਹੇਠ ਵੱਡੇ ਸੰਘਰਸ ਦੀ ਵੀ ਚਿਤਾਵਨੀ ਦਿੱਤੀ।