
– ਸਮਾਜਿਕ ਕਾਰਕੁੰਨ ਨੇ ਮੁੱਦਾ ਚੁੱਕ ਰੇਲਵੇ ਨੂੰ ਕਟਹਿਰੇ ’ਚ ਕੀਤਾ ਖੜਾ
(ਜਗਸੀਰ ਲੌਂਗੋਵਾਲ) ਸੁਨਾਮ ਊਧਮ ਸਿੰਘ ਵਾਲਾ। ਪਿਛਲੇ ਲੰਮੇ ਸਮੇਂ ਤੋਂ ਸਥਾਨਕ ਰੇਲਵੇ ਦਾ ਪਲੇਟਫਾਰਮ ਨੰਬਰ 4 ਉੱਚਾ ਹੋਣ ਨਾਲ, ਰੇਲ ਲਾਇਨ ਕਰੀਬ 18 ਇੰਚ ਘਟਣ ਕਾਰਨ ਰੇਲਵੇ ਲਾਈਨ ਤੋਂ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੌਰਾਨ ਜਖਮੀ ਹੋ ਰਹੇ ਸੁਨਾਮ ਦੇ ਮਜਦੂਰਾਂ ਦੀ ਮੰਗ ਹੁਣ ਰਾਜ ਅਤੇ ਦੇਸ ਦੇ ਮਨੁੱਖੀ ਅਧਿਕਾਰ ਕਮਿਸਨਾਂ ਤੱਕ ਪਹੁੰਚ ਗਈ ਹੈ। ਇਸ ਸਬੰਧੀ ਸੁਨਾਮ ਦੇ ਸਮਾਜਿਕ ਤੇ ਸੂਚਨਾ ਅਧਿਕਾਰ ਕਾਨੂੰਨ ਕਾਰਕੁਨ ਅਤੇ ਸੀਟੀ ਬਜਾਓ ਦੇ ਕਨਵੀਨਰ ਜਤਿੰਦਰ ਜੈਨ ਨੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਅਤੇ ਜਖਮੀ ਮਜਦੂਰਾਂ ਤੋਂ ਇਕੱਠੇ ਕੀਤੇ ਤੱਥਾਂ ਦੇ ਆਧਾਰ ’ਤੇ ਮਨੁੱਖੀ ਅਧਿਕਾਰ ਕਮਿਸਨ ਨੂੰ ਸਿਕਾਇਤ ਭੇਜੀ ਹੈ। ਇਸ ਸਬੰਧੀ ਜਤਿੰਦਰ ਜੈਨ ਨੇ ਦੱਸਿਆ ਕਿ ਰੇਲਵੇ ਪ੍ਰਸਾਸਨ ਤੇ ਪੰਜਾਬ ਪ੍ਰਦੇਸ ਪੱਲੇਦਾਰ ਮਜਦੂਰ ਯੂਨੀਅਨ ਵੱਲੋਂ ਡੀ.ਆਰ.ਐਮ. ਅੰਬਾਲਾ ਅੱਗੇ ਸਮੱਸਿਆ ਹੱਲ ਕਰਨ ਦੀ ਉਠਾਈ ਮੰਗ ਦਾ ਕੋਈ ਅਸਰ ਨਾ ਹੁੰਦਾ ਦੇਖ ਮਨੁੱਖੀ ਅਧਿਕਾਰ ਕਮਿਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਜਲਦੀ ਹੀ ਕੁਝ ਕਦਮ ਚੁੱਕੇ ਜਾਣ ਅਤੇ ਮਿਹਨਤਕਸ ਦਾ ਲੰਮੇ ਸਮੇਂ ਤੋਂ ਜਖਮੀ ਹੋਣ ਦਾ ਸਿਲਸਿਲਾ ਰੁਕ ਸਕੇ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਕਣਕ ਗਰੀਬਾਂ ਨੂੰ ਰਾਸਨ ਰਾਹੀਂ ਦਿੱਤੀ ਜਾਂਦੀ ਹੈ, ਉਹ ਸਪੈਸਲ ਰੇਲ ਗੱਡੀ ਰਾਹੀਂ ਪਲੇਟਫਾਰਮ ਨੰਬਰ 4 ਤੋਂ ਲੋਡ ਹੁੰਦੀ ਹੈ । ਇਸੇ ਤਰਾ ਕਿਸਾਨਾਂ ਲਈ ਯੂਰੀਆ ਵੀ ਲੋਡ ਕੀਤਾ ਜਾਂਦਾ ਹੈ। ਜਿਸ ਨੂੰ ਮਜਦੂਰਾਂ ਵੱਲੋਂ ਰੇਲ ਡੱਬਿਆਂ ਤੋਂ ਉਤਾਰ ਕੇ ਟਰੱਕਾਂ ‘ਚ ਲੱਦਿਆ ਜਾਂਦਾ ਹੈ। ਰੇਲਵੇ ਲਾਈਨ ਨੀਵੀਂ ਹੋਣ ਕਾਰਨ ਮਜਦੂਰਾਂ ਨੂੰ ਕੰਮ ਕਰਨ ਵਿੱਚ ਭਾਰੀ ਦਿੱਕਤ ਆ ਰਹੀ ਹੈ ਅਤੇ ਕਈ ਮਜਦੂਰਾਂ ਦੇ ਕੰਮ ਕਰਦਿਆਂ ਜਖਮੀ ਹੋਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਮਜਦੂਰ ਯੂਨੀਅਨ ਨੇ ਡੀ.ਆਰ. ਅੰਬਾਲਾ ਦੇ ਲਈ ਐਸ.ਡੀ.ਐਮ ਸੁਨਾਮ ਨੂੰ ਮੰਗ ਪੱਤਰ ਦੇ ਕੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਪਲੇਟਫਾਰਮ ਨੰਬਰ 4 ਦੀ ਰੇਲਵੇ ਲਾਈਨ ਨੂੰ 18 ਇੰਚ ਉੱਚਾ ਨਾ ਕੀਤਾ ਗਿਆ ਤਾਂ ਮਜਦੂਰ ਨਾਂ ਤਾਂ ਇਸ ਪਲੇਟਫਾਰਮ ਤੋਂ ਕੋਈ ਸਾਮਾਨ ਉਤਾਰਨਗੇ ਅਤੇ ਨਾ ਹੀ ਲੋਡ ਕਰਨਗੇ, ਯੂਨੀਅਨ ਦੀ ਇਹ ਮੰਗ ਬਿਲਕੁਲ ਜਾਇਜ ਹੈ। ਜਤਿੰਦਰ ਜੈਨ ਦਾ ਮੰਨਣਾ ਹੈ ਕਿ ਸੂਬੇ ਅਤੇ ਦੇਸ ਦਾ ਮਨੁੱਖੀ ਅਧਿਕਾਰ ਕਮਿਸਨ ਮੇਰੇ ਵੱਲੋਂ ਇਸ ਮੁੱਦੇ ਨੂੰ ਉਠਾਉਣ ਤੋਂ ਬਾਅਦ ਜਲਦੀ ਹੀ ਆਪਣੀ ਭੂਮਿਕਾ ਨਿਭਾਏਗਾ ਅਤੇ ਇਸ ਸਬੰਧ ਵਿਚ ਰੇਲਵੇ ਨੂੰ ਕਟਹਿਰੇ ਵਿਚ ਖੜਾ ਕਰੇਗਾ।