
(ਸ਼ਿਵ ਕੋੜਾ) ਫਗਵਾੜਾ। ਸਰਵ ਸ਼ਕਤੀ ਸੈਨਾ ਦੀ ਇਕ ਮੀਟਿੰਗ ਬਲਜੀਤ ਸਿੰਘ ਦਿਹਾਤੀ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਹੋਈ। ਜਿਸ ‘ਚ ਫਗਵਾੜਾ, ਗੁਰਾਇਆ ਅਤੇ ਸੂਬਾ ਪੱਧਰ ਦੀਆਂ ਨਵੀਂਆਂ ਨਿੁਯਕਤੀਆਂ ਕੀਤੀਆਂ ਗਈਆਂ। ਬਲਜੀਤ ਸਿੰਘ ਨੇ ਦੱਸਿਆ ਕਿ ਸਰਵ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਨੀਰਜ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਕਪੂਰਥਲਾ ਸਪੋਰਟਸ ਸੈਲ ਦੇ ਪ੍ਰਧਾਨ ਵਜੋਂ ਸੇਵਾਵਾ ਨਿਭਾ ਰਹੇ ਵਿਜੇ ਕੁਮਾਰ ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਸਦਕਾ ਤਰੱਕੀ ਦੇ ਕੇ ਸਪੋਰਟਸ ਸੈਲ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੇ ਨਾਲ ਅਨੂਪ ਬੰਗੜ ਅਤੇ ਅਮਨਦੀਪ ਸਿੰਘ ਨੂੰ ਸੂਬਾ ਮੀਤ ਪ੍ਰਧਾਨ ਦਿਹਾਤੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਕੁਮਾਰ ਬਸਰਾ ਨੂੰ ਫਗਵਾੜਾ ਸ਼ਹਿਰੀ ਮੀਤ ਪ੍ਰਧਾਨ, ਪੰਡਿਤ ਨਿਤਿਨ ਨੂੰ ਗੁਰਾਇਆ ਸਿਟੀ ਪ੍ਰਧਾਨ, ਸੁਖਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਜਦਕਿ ਸਰਬਜੀਤ ਰਾਏ ਨੂੰ ਫਿਲੌਰ ਦਾ ਸ਼ਹਿਰੀ ਪ੍ਰਧਾਨ ਐਲਾਨਿਆ ਗਿਆ ਹੈ। ਇਸ ਮੌਕੇ ਗੱਲਬਾਤ ਦੌਰਾਨ ਬਲਜੀਤ ਸਿੰਘ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਭਰ ਦੇ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਦੀ ਸ਼ਾਂਤੀ ਦੇ ਮੱਦੇਨਜ਼ਰ ਸੂਬੇ ਭਰ ਵਿਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਗੈਰ ਸਰਕਾਰੀ ਮਾਨਤਾ ਪ੍ਰਾਪਤ ਮਦਰਸੇ ਤੁਰੰਤ ਬੰਦ ਕਰਵਾਏ ਜਾਣ। ਮਦਰਸਿਆਂ ਦੇ ਨਾਮ ਤੇ ਕਬਜਾ ਕੀਤੀਆਂ ਸਰਕਾਰੀ ਥਾਵਾਂ ਨੂੰ ਵੀ ਮੁਕਤ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਜਿਹਨਾਂ ਮਦਰਸਿਆਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੈ, ਉੱਥੇ ਸਰਕਾਰੀ ਨਿਗਰਾਨੀ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਦੀਨੀ ਤਾਲੀਮ ਦੇ ਨਾਮ ‘ਤੇ ਕੱਟੜਤਾ ਅਤੇ ਨਫਰਤ ਦਾ ਪਾਠ ਨਾ ਪੜਾਇਆ ਜਾਵੇ। ਫਗਵਾੜਾ ਸ਼ਹਿਰ ‘ਚ ਪਿਛਲੇ ਕੁੱਝ ਸਮੇਂ ਦੌਰਾਨ ਬਾਹਰੀ ਲੋਕਾਂ ਦੀ ਵੱਧਦੀ ਵਸੋਂ ਪ੍ਰਤੀ ਵੀ ਪੰਜਾਬ ਸਰਕਾਰ ਨੂੰ ਸਜਗ ਕਰਦਿਆਂ ਬਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਪਰ ਪਾਕਿਸਤਾਨ ਦੇ ਨਾਲ ਲੱਗਦਾ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਯਕੀਨੀ ਬਨਾਉਣਾ ਸੂਬਾ ਸਰਕਾਰ ਅਤੇ ਹਰ ਨਾਗਰਿਕ ਦਾ ਮੁਢਲਾ ਫਰਜ਼ ਹੈ।