
– ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਧੁੰਨ, ਸੋਹਲ ਅਤੇ ਲਾਲਪੁਰਾ ਨੇ ਦਿੱਤੀਆਂ ਸ਼ੁਭ-ਕਾਮਨਾਵਾਂ
(ਸੁਰਿੰਦਰ ਸਿੰਘ ਸਿੱਧੂ) ਤਰਨ ਤਾਰਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੀਂ ਸਰਕਾਰ ਵੇਲੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਕੀਤੀ ਗਈ ਪਲੇਠੀ ਭਰਤੀ, ਉਸ ਵੇਲੇ ਸਿਰੇ ਚੜੀ ਜਦੋਂ ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਖੁਸ਼ੀ ਦੇ ਮੌਕੇ ਤੇ ਵਿਸ਼ੇਸ ਤੌਰ ‘ਤੇ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ, ਐੱਮ. ਐੱਲ. ਏ. ਸਰਵਣ ਸਿੰਘ ਧੁੰਨ, ਐੱਮ. ਐੱਲ. ਏ. ਕਸ਼ਮੀਰ ਸਿੰਘ ਸੋਹਲ ਅਤੇ ਐੱਮ. ਐੱਲ. ਏ. ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਜਗਵਿੰਦਰ ਸਿੰਘ, ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਪਰਮਜੀਤ ਸਿੰਘ ਨੇ ਜ਼ਿਲਾ ਸਿੱਖਿਆ ਦਫਤਰ ਐਲੀਮੈਂਟਰੀ ਤਰਨ ਤਾਰਨ ਵਿਖੇ ਪੁੱਜੇ ਇਨਾਂ 800 ਦੇ ਕਰੀਬ ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਉਨਾਂ ਨੂੰ ਆਪਣੀ ਨਵੀਂ ਨੌਕਰੀ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਜਗਵਿੰਦਰ ਸਿੰਘ ਨੇ ਸਮੂਹ ਨਵ-ਨਿਯੁਕਤ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲਾਂ ਵਿਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਬਣਦਾ ਹੈ, ਕਿ ਸਿੱਖਿਆ ਵਿਭਾਗ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਈਏ। ਇਸ ਮੌਕੇ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ ਸੰਧੂ, ਦਿਲਬਾਗ ਸਿੰਘ, ਪਾਰਸ ਖੁੱਲਰ, ਹਰਜਿੰਦਰ ਪ੍ਰੀਤ ਸਿੰਘ, ਪਰਮਜੀਤ ਕੌਰ, ਮੈਡਮ ਮਥੁਰਾ ਦੇਵੀ, ਜ਼ਿਲੇ ਦੇ ਸਮੂਹ ਸੈਂਟਰ ਹੈੱਡ ਟੀਚਰ ਤੇ ਪੜੋ ਪੰਜਾਬ ਟੀਮ ਅਤੇ ਦਫਤਰੀ ਅਮਲੇ ਨੇ ਜੀਅ ਤੋੜ ਮਿਹਨਤ ਕਰਕੇ ਇਸ ਕੰਮ ਨੂੰ ਸਿਰੇ ਚਾੜਿਆ ਹੈ। ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਨੇ ਸਮੂਹ ਨਵ ਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਨਾਂ ਅਧਿਆਪਕਾਂ ਦੇ ਆਉਣ ਨਾਲ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਵਿਚ ਸਹਾਇਤਾ ਮਿਲੇਗੀ।