
(ਕੁਲਦੀਪ ਗਹਿਲ ਮਜਾਰੀ) ਮੁਕੰਦਪੁਰ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਜੀ ਦੇ ਦਿਸਾ ਨਿਰਦੇਸਾਂ ਅਤੇ ਐਸ.ਐਮ.ਓ. ਡਾ. ਰਵਿੰਦਰ ਸਿੰਘ ਦੀ ਅਗਵਾਈ ਹੇਠ, ਆਜ਼ਾਦੀ ਦੇ ਅਮਿ੍ਰਤ ਮਹਾ ਉਤਸਵ ਦੇ ਤਹਿਤ ‘ਵਿਸ਼ਵ ਬਲੱਡ ਡੋਨਰ ਡੇ’ ਮਨਾ ਕੇ ਖੂਨ ਦਾਨ ਕਰਨ ਲਈ ਪ੍ਰਰੇਰਿਆ। ਇਸ ਮੌਕੇ ਸਾਰੇ ਸਟਾਫ ਮੈਂਬਰ ਨੇ ਖੂਨ ਦਾਨ ਕਰਨ ਦੀ ਸਪਥ ਵੀ ਲਈ। ਇਸ ਦੌਰਾਨ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਮਹਾਦਾਨ ਹੈ ਅਤੇ “ਹੋਰ ਦੀ ਜ ਿੰਦਗੀ ਬਚਾਉਣਾ ਮਾਨਵਤਾ ਪ੍ਰਤੀ ਇੱਕ ਸੇਵਾ ਹੈ।’ ਉਨਾਂ ਕਿਹਾ ਕਿ ਇੱਕ ਸਿਹਤਮੰਦ ਵਿਅਕਤੀ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਉਨਾਂ ਕਿਹਾ ਕਿ ਖੂਨਦਾਨ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈ – ਇਹ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ, ਬੀਪੀ ਕਾਬੂ ਕਰਦਾ ਹੈ, ਕੋਲੈਸਟਰਲ ਦਾ ਪੱਧਰ ਨੀਵਾਂ ਰਹਿੰਦਾ ਹੈ, ਮੋਟਾਪੇ ਉੱਤੇ ਕਾਬੂ ਰਹਿੰਦਾ ਹੈ।
ਡਾ. ਜਤਿੰਦਰ ਸੰਧੂ ਅਤੇ ਬਲਾਕ ਐਕਸਟੈਨਸਨ ਐਜੂਕੇਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੂਨ ਇਕ ਅਜਿਹੀ ਚੀਜ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਇਹ ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਇਸ ਦੇ ਨਾਲ ਹੀ ਖੂਨ ਦਾਨ ਕਰਨ ਦੇ ਕਈ ਫਾਇਦੇ ਵੀ ਹਨ। ਖੂਨਦਾਨ ਕਰਨ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ ਕਿਉਂਕਿ ਇਸ ਨਾਲ ਖੂਨ ਪਤਲਾ ਹੋ ਜਾਂਦਾ ਹੈ। ਖੂਨਦਾਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ ਕਿਉਂਕਿ ਇਸ ਨਾਲ ਨਵੇਂ ਖੂਨ ਦੇ ਸੈੱਲ ਬਣਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਖੂਨਦਾਨ ਕਰਨ ਸਮੇਂ ਕੁਛ ਜਰੂਰੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਜਿਵੇਂ ਹਰ ਉਹ ਸਵੱਸਥ ਵਿਅਕਤੀ ਜਿਸ ਦੀ ਉਮਰ 18 ਅਤੇ 65 ਸਾਲ ਦੇ ਵਿਚਕਾਰ ਹੈ ਖੂਨ ਦਾਨ ਕਰ ਸਕਦਾ ਹੈ। ਜੇਕਰ ਖੂਨਦਾਤਾ ਨੂੰ ਖੂਨਦਾਨ ਕਰਨ ਸਮੇਂ ਜੁਕਾਮ, ਬੁਖਾਰ, ਗਲੇ ਵਿੱਚ ਦਰਦ ਜਾਂ ਕੋਈ ਇਨਫੈਕਸਨ ਹੈ ਤਾਂ ਖੂਨ ਦਾਨ ਨਹੀਂ ਕੀਤਾ ਜਾ ਸਕਦਾ। ਪਾੱਜਿਟਿਵ ਆਉਣ ਦੀ ਸੂਰਤ ਵਿੱਚ ਖੂਨਦਾਨ ਨਹੀਂ ਕੀਤਾ ਜਾ ਸਕਦਾ। ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਖੂਨ ਦਾਨ ਦੀ ਇਜਾਜਤ ਨਹੀਂ ਹੈ। ਖੂਨ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਖੂਨ ਦਾਨ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ।