
ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿਘ ਮਾਨ ਨੇ ਬੀਤੀ 29 ਮਈ ਨੂੰ ਗੋਲੀਕਾਂਡ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜੋਗਿੰਦਰ ਸਿੰਘ ਮਾਨ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮੁਆਫ ਨਹੀਂ ਕਰੇਗੀ ਅਤੇ ਉਹਨਾਂ ਨੂੰ ਕਰਨੀ ਦੀ ਸਜਾ ਹਰ ਹਾਲ ਵਿਚ ਭੋਗਣੀ ਪਵੇਗੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਫਗਵਾੜਾ ਵਾਪਸੀ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਬਹੁਤ ਘੱਟ ਸਮੇਂ ਵਿਚ ਜੋ ਤਰੱਕੀ ਕੀਤੀ ਅਤੇ ਦੇਸ਼ ਦੁਨੀਆ ਵਿਚ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹ ਮਿਸਾਲ ਹੈ। ਨਿੱਕੀ ਉਮਰੇ ਪੁੱਤਰ ਦਾ ਸਦੀਵੀਂ ਵਿਛੋੜਾ ਮਾਤਾ ਪਿਤਾ ਲਈ ਬਹੁਤ ਦੁਖਦਾਈ ਹੁੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਧੂ ਮੂਸੇਲਵਾਲਾ ਤੋਂ ਸੇਧ ਲੈਣੀ ਚਾਹੀਦੀ ਹੈ। ਪਜਾਬੀ ਗਾਇਕੀ ਦੇ ਇਤਿਹਾਸ ਵਿਚ ਉਸ ਵਿਛੜੀ ਰੂਹ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਦਰਜ ਰਹੇਗਾ।