
ਫਗਵਾੜਾ (ਸ਼ਿਵ ਕੋੜਾ) : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਸਵਸਥ ਭਾਰਤ ਅਭਿਆਨ ਤਹਿਤ ਫਗਵਾੜਾ ਕਾਰਪੋਰੇਸ਼ਨ ਨੂੰ ਸ਼ਹਿਰ ਦੀ ਸਾਫ ਸਫਾਈ ਲਈ ਪੰਜ ਈ-ਰਿਕਸ਼ਾ ਅਤੇ ਦੋ ਜੇ.ਸੀ.ਬੀ. ਮਸ਼ੀਨਾਂ ਭਿਜਵਾਈਆਂ ਗਈਆਂ ਹਨ। ਜਿਹਨਾਂ ਨੂੰ ਅੱਜ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਵਲੋਂ ਨਗਰ ਨਿਗਮ ਕਮਿਸ਼ਨਰ-ਕਮ-ਏ.ਡੀ.ਸੀ. ਮਿਸ ਨਯਨ ਜੱਸਲ ਦੀ ਮੌਜੂਦਗੀ ਵਿਚ ਰਸਮੀ ਉਦਘਾਟਨ ਕਰਕੇ ਕਾਰਪੋਰੇਸ਼ਨ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਸ ਮੁਹਿਮ ਦਾ ਮਕਸਦ ਭਾਰਤ ਨੂੰ ਸਾਫ ਸੁਥਰਾ ਅਤੇ ਸਿਹਤਮੰਦ ਬਨਾਉਣਾ ਹੈ। ਚੰਗੀ ਸਿਹਤ ਲਈ ਚੰਗਾ ਵਾਤਾਵਰਣ ਹੋਣਾ ਬਹੁਤ ਜਰੂਰੀ ਹੈ ਅਤੇ ਚੰਗਾ ਵਾਤਾਵਰਣ ਤਾਂ ਹੀ ਸੰਭਵ ਹੈ ਜੇਕਰ ਸ਼ਹਿਰਾਂ ਤੇ ਪਿੰਡਾਂ ਵਿਚ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੋਵੇ। ਇਸ ਮੌਕੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕੇਂਦਰ ਸਰਕਾਰ ਦੀ ਇਸ ਮੁਹਿਮ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜ ਈ-ਰਿਕਸ਼ਾ ਨਾਲ ਉਹਨਾਂ ਸਫਾਈ ਸੇਵਕਾਂ ਖਾਸ ਤੌਰ ਤੇ ਬੀਬੀਆਂ ਨੂੰ ਬੜੀ ਰਾਹਤ ਮਿਲੇਗੀ ਜੋ ਕਿ ਗਰਮੀ ਦੇ ਮੌਸਮ ਵਿਚ ਘਰੋਂ-ਘਰੀਂ ਕੂੜਾ ਚੁੱਕ ਕੇ ਰਿਹੜੀ ਤੇ ਕਈ ਕਿੱਲੋਮੀਟਰ ਤੱਕ ਲੈ ਕੇ ਜਾਂਦੀਆਂ ਹਨ, ਹੁਣ ਉਹ ਗਲੀਆਂ ਮੁਹੱਲਿਆਂ ਵਿਚੋਂ ਕੂੜਾ ਇੱਕਠਾ ਕਰਕੇ ਇਹਨਾਂ ਈ-ਰਿਕਸ਼ਿਆਂ ਵਿਚ ਪਾਉਣਗੀਆਂ ਅਤੇ ਉਹਨਾਂ ਨੂੰ ਜਿਆਦਾ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਨਾਲ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਤੇ ਮਿਹਨਤ ਮਜਦੂਰੀ ਕਰਦੇ ਆਮ ਆਦਮੀ ਦੀਆਂ ਮੁਸ਼ਕਲਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਰਾਹਤ ਦੇਣ ਦਾ ਉਪਰਾਲਾ ਕਰ ਰਹੇ ਹਨ ਉਸਦੀ ਚਰਚਾ ਅੱਜ ਸਾਰੀ ਦੁਨੀਆ ਵਿਚ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਜਲਦੀ ਹੀ ਫਗਵਾੜਾ ‘ਚ ਸੰਗਤ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਕਰਨਗੇ ਅਤੇ ਰਿਹੜੀ ਤੇ ਫੜੀ ਵਾਲਿਆਂ ਨੂੰ ਕੇਂਦਰ ਸਰਕਾਰ ਦੀ ਯੋਜਨਾਂ ਤਹਿਤ ਜਲਦੀ ਹੀ ਕੈਂਪ ਲਗਾ ਕੇ 10/10 ਹਜਾਰ ਦੇ ਕਰਜੇ ਦੁਆਏ ਜਾਣਗੇ। ਇਸ ਮੌਕੇ ਮੰਤਰੀ ਪੁੱਤਰ ਸਾਹਿਲ ਕੈਂਥ, ਚੰਦਰੇਸ਼ ਕੌਲ, ਰਾਜੀਵ ਪਾਹਵਾ, ਪਰਮਜੀਤ ਸਿੰਘ ਖੁਰਾਣਾ, ਸਾਬਕਾ ਕੌਂਸਲਰ ਬੀਰਾ ਰਾਮ ਬਲਜੋਤ, ਰੋਹਿਤ ਪਾਠਕ, ਨਿਤਿਨ ਚੱਢਾ, ਹੈੱਪੀ ਬਰੋਕਰ ਆਦਿ ਹਾਜਰ ਸਨ।