
ਫਗਵਾੜਾ (ਸ਼ਿਵ ਕੋੜਾ) : ਜੇ.ਸੀ.ਆਈ. ਫਗਵਾੜਾ ਸ਼ਕਤੀ ਅਤੇ ਸਿਲਾਈ ਸੈਂਟਰ ਖੇੜਾ ਰੋਡ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਅੰਤਰਰਾਸ਼ਟਰੀ ਮਾਸਿਕ ਧਰਮ ਸਵੱਛਤਾ ਦਿਵਸ ਮਨਾਇਆ ਗਿਆ। ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਜੇ.ਸੀ.ਆਈ. ਦੀ ਸਾਬਕਾ ਜੋਨ ਪ੍ਰਧਾਨ ਜੇਸੀ ਜਯੋਤੀ ਸਹਿਦੇਵ ਨੇ ਸ਼ਿਰਕਤ ਕੀਤੀ। ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਵਿਚ ਸਾਰੀਆਂ ਔਰਤਾਂ ਮਾਸਿਕ ਧਰਮ ਪ੍ਰਕ੍ਰਿਆ ਵਿਚੋਂ ਗੁਜਰਦੀਆਂ ਹਨ। ਇਹਨਾਂ ਔਰਤਾਂ ਵਿਚ ਸਾਡੀਆਂ ਮਾਵਾਂ ਤੇ ਭੈਣਾਂ ਵੀ ਸ਼ਾਮਲ ਹਨ। ਮਾਸਿਕ ਧਰਮ ਦੌਰਾਨ ਔਰਤਾਂ ਨੂੰ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਜੇਸੀਜ ਦੀ ਪ੍ਰਧਾਨ ਗੁਰਪ੍ਰੀਤ ਕੌਰ ਵਿਰਦੀ ਅਤੇ ਸਿਲਾਈ ਸੈਂਟਰ ਦੀ ਇੰਚਾਰਜ ਕਾਂਤਾ ਸ਼ਰਮਾ ਦੇ ਸਹਿਯੋਗ ਨਾਲ 400 ਸੈਨੀਟਰੀ ਪੈਡ ਫਰੀ ਵੰਡੇ। ਉਹਨਾਂ ਵਿਸ਼ਵਾਸ ਦੁਆਇਆ ਕਿ ਹਰ ਮਹੀਨੇ ਲੋੜ ਅਨੁਸਾਰ ਸੈਨੀਟਰੀ ਪੈਡ ਫਰੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਿਲਾਈ ਸੈਂਟਰ ਵਿਖੇ ਲੜਕੀਆਂ ਨੂੰ ਸਿਖਲਾਈ ਲਈ ਕਪੜੇ ਦੀ ਜਰੂਰਤ ਪੂਰੀ ਕਰਨ ਦਾ ਭਰੋਸਾ ਵੀ ਦਿੱਤਾ। ਸਮਾਗਮ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।