
(ਸ਼ਿਵ ਕੋੜਾ) ਫਗਵਾੜਾ। ਆਮ ਆਦਮੀ ਪਾਰਟੀ ਜਿਲਾ ਕਪੂਰਥਲਾ ਐਸ.ਸੀ. ਵਿੰਗ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਲੀਗਲ ਵਿੰਗ ਦੇ ਸੂਬਾ ਸਕੱਤਰ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਜਿਲਾ ਸਹਿ ਸਕੱਤਰ ਜਤਿੰਦਰ ਸਿੰਘ ਪਰਹਾਰ ਦੇ ਉਪਰਾਲੇ ਸਦਕਾ ਸ਼ਹਿਰ ਦੇ ਵਾਰਡ ਨੰਬਰ 27 ਮੁਹੱਲਾ ਅਰਬਨ ਅਸਟੇਟ ਵਿਖੇ ਸਰਕਾਰੀ ਗ੍ਰਾਂਟ ਨਾਲ ਦੋ ਪਾਰਕਾਂ ਦੇ ਨਵੀਨੀਕਰਣ ਦੇ ਕੰਮ ਦਾ ਸ਼ੁੱਭ ਆਰੰਭ ਕਰਵਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਪਾਰਟੀ ਦੇ ਉਕਤ ਆਗੂਆਂ ਦਾ ਵਫਦ ਕਾਰਪੋਰੇਸ਼ਨ ਫਗਵਾੜਾ ਦੇ ਐਕਸ.ਈ.ਐਨ. ਬਲਜਿੰਦਰ ਸਿੰਘ, ਐਸ.ਈ. ਸਤੀਸ਼ ਸੈਣੀ ਅਤੇ ਸੁਪਰਵਾਈਜਰ ਵਰੁਣ ਨਾਹਰ ਨੂੰ ਮਿਲਿਆ ਸੀ ਅਤੇ ਮੀਟਿੰਗ ਕਰਕੇ ਲੋਕਾਂ ਦੀ ਸਹੂਲਤ ਲਈ ਪਾਰਕਾਂ ਦੀ ਦਸ਼ਾ ਸੁਧਾਰਣ ਲਈ ਕਿਹਾ ਸੀ। ਉਹਨਾਂ ਦੱਸਿਆ ਕਿ ਇਹਨਾਂ ਪਾਰਕਾਂ ਦੀ ਖੂਬਸੂਰਤੀ ਉੱਪਰ 12 ਲੱਖ 42 ਹਜਾਰ ਰੁਪਏ ਖਰਚ ਕੀਤੇ ਹੋਣਗੇ। ਸੰਤੋਸ਼ ਗੋਗੀ ਅਤੇ ਐਡਵੋਕੇਟ ਮੱਲੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਪਾਰਕਾਂ ਦੀ ਕੋਈ ਸੁੱਧ ਨਹੀਂ ਲਈ। ਨਾ ਫੁੱਲ ਬੂਟੇ ਲਗਾਏ ਤੇ ਨਾ ਪਾਣੀ ਦੀ ਵਿਵਸਥਾ ਕੀਤੀ। ਦਰਖ਼ਤ ਨਹੀਂ ਲਗਾਏ ਗਏ ਤੇ ਪਾਰਕਾਂ ਦੀ ਚਾਰ ਦੀਵਾਰੀ ਵੀ ਨਹੀਂ ਕਰਵਾਈ ਗਈ ਸੀ। ਇਹਨਾਂ ਪਾਰਕਾਂ ਦੀ ਹਾਲਤ ਬੰਜਰ ਜੰਗਲਾਂ ਵਰਗੀ ਹੋ ਗਈ ਸੀ। ਪਰ ਹੁਣ ਜਲਦੀ ਹੀ ਲੋਕਾਂ ਨੂੰ ਦੋ ਖੂਬਸੂਰਤ ਪਾਰਕਾਂ ਦਾ ਤੋਹਫਾ ਮਿਲੇਗਾ। ਸੰਤੋਸ਼ ਗੋਗੀ ਨੇ ਕਿਹਾ ਕਿ ਹਰੇਕ ਵਾਰਡ ਵਿਚ ਘੱਟ ਤੋਂ ਘੱਟ ਇਕ ਖੂਬਸੂਰਤ ਪਾਰਕ ਦੀ ਵਿਵਸਥਾ ਜਰੂਰ ਕਰਵਾਈ ਜਾਵੇਗੀ। ਜਿੱਥੇ ਖੂਬਸੂਰਤ ਘਾਹ, ਸੈਰ ਕਰਨ ਲਈ ਪਟਰੀਆਂ, ਬੈਠਣ ਲਈ ਬੈਂਚ, ਸੁੰਦਰ ਵਾਤਾਵਰਣ ਲਈ ਫੁੱਲ ਬੂਟੇ ਤੇ ਹਰੇ ਭਰੇ ਦਰਖ਼ਤਾਂ ਤੋਂ ਇਲਾਵਾ ਪਾਰਕਾਂ ਦੀ ਚਾਰਦੀਵਾਰੀ ਅਤੇ ਬੱਚਿਆਂ ਲਈ ਝੂਲਿਆਂ ਦੀ ਵਿਵਸਥਾ ਹੋਵੇਗੀ। ਆਪ ਆਗੂਆਂ ਨੇ ਕਿਹਾ ਕਿ ਇਹ ਸਾਰਾ ਕੰਮ ਪੂਰੀ ਪਾਰਦਰਸ਼ਿਤਾ ਨਾਲ ਕਰਵਾਇਆ ਜਾਵੇਗਾ।