
(ਸ਼ਿਵ ਕੋੜਾ) ਫਗਵਾੜਾ। ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਚੰਡੀਗੜ ਵਿਖੇ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਦਲਜੀਤ ਸਿੰਘ ਰਾਜੂ ਵੀ ਵਿਸ਼ੇਸ਼ ਤੌਰ ਤੇ ਮੋਜੂਦ ਸਨ। ਸ. ਮਾਨ ਨੇ ਟਰਾਂਸਪੋਰਟ ਮੰਤਰੀ ਨੂੰ ਫਗਵਾੜਾ ਸਟੈਂਡ ‘ਤੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਸਮੱਸਿਆਵਾਂ ਨੂੰ ਹਲ ਕਰਨ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਜੋਗਿੰਦਰ ਸਿੰਘ ਮਾਨ ਨੇ ਆਪ ਆਗੂਆਂ ਸਮੇਤ ਫਗਵਾੜਾ ਬੱਸ ਸਟੈਂਡ ਦਾ ਨਿਰੀਖਣ ਕੀਤਾ ਸੀ। ਉਸ ਸਮੇਂ ਬੱਸ ਸਟੈਂਡ ਵਿਖੇ ਮੌਜੂਦ ਮੁਸਾਫਿਰਾਂ ਨੇ ਸ. ਮਾਨ ਨੂੰ ਪੱਖਿਆਂ ਦੇ ਠੀਕ ਕੰਮ ਨਾ ਕਰਨ, ਸਫਾਈ ਦਾ ਉਚੇਰਾ ਪ੍ਰਬੰਧ ਨਾ ਹੋਣ, ਪੀਣ ਵਾਲੇ ਠੰਡੇ ਪਾਣੀ ਦੀ ਘਾਟ ਸਮੇਤ ਕਈ ਮੁਸ਼ਕਲਾਂ ਦੱਸੀਆਂ ਸੀ। ਉਸ ਸਮੇਂ ਜੋਗਿੰਦਰ ਸਿੰਘ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਹਰ ਸਮੱਸਿਆ ਨੂੰ ਹਲ ਕਰਵਾਇਆ ਜਾਵੇਗਾ। ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਫਗਵਾੜਾ ਵਾਪਸ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਲਾਲ ਜੀਤ ਸਿੰਘ ਭੁੁੱਲਰ ਨੇ ਭਰੋਸਾ ਦਿੱਤਾ ਹੈ ਕਿ ਫਗਵਾੜਾ ਬੱਸ ਸਟੈਂਡ ਦਾ ਜਲਦੀ ਹੀ ਨਵੀਨੀਕਰਣ ਕਰਵਾਇਆ ਜਾਵੇਗਾ ਅਤੇ ਮੁਸਾਫਿਰਾਂ ਲਈ ਹਰ ਸੁਵਿਧਾ ਦਾ ਉਚੇਰਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਬੜੀ ਤੇਜੀ ਨਾਲ ਕੰਮ ਚਲ ਰਿਹਾ ਹੈ।