ਸੰਗਰੂਰ (ਜਗਸੀਰ ਲੌਂਗੋਵਾਲ) : ਬੇਰੁਜ਼ਗਾਰ ਲਾਇਬਰੇਰੀਅਨਾਂ ਵੱਲੋਂ ਆਪਣੇ ਮੰਗਾਂ ਮਸਲੇ ਨੂੰ ਹੱਲ ਕਰਵਾਉਣ ਲਈ ਮੀਟਿੰਗ ਰੱਖੀ ਗਈ ਜਿਸ ਵਿਚ ਬੇਰੁਜ਼ਗਾਰ ਲਾਇਬਰੇਰੀਅਨ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਹਰਜਿੰਦਰ ਹੈਰੀ ਦੁੱਲਟ ਬੇਰੁਜ਼ਗਾਰ ਲਾਇਬਰੇਰੀਅਨ ਫਰੰਟ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ ਤੇ ਅਗਲੀ ਰਣਨੀਤੀ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਬੇਰੁਜ਼ਗਾਰ ਲਾਇਬਰੇਰੀਅਨਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਲਾਇਬ੍ਰੇਰੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਸਿਲੇਬਸ ਵਾਲੀ ਪੜ੍ਹਾਈ ਦੇ ਨਾਲ ਨਾਲ ਲਾਇਬਰੇਰੀ ਕਿਤਾਬਾਂ ਪੜ੍ਹਨ ਨਾਲ ਜਿੱਥੇ ਵਿਦਿਆਰਥੀ ਦਾ ਵਿਕਾਸ ਮਾਨਸਿਕ ਵਿਕਾਸ ਹੁੰਦਾ ਹੈ ਉਥੇ ਹੀ ਕਿਤਾਬਾਂ ਸਾਨੂੰ ਅਤੀਤ ਨਾਲ ਜੋੜਦੀਆਂ ਹਨ, ਜੋ ਗਿਆਨ ਸਾਨੂੰ ਭਵਿੱਖ ਨਾਲ ਜੋੜਦਾ ਹੈ । ਇਸ ਮੌਕੇ ਸਰਬਜੀਤ ਕੌਰ ਬਰਨਾਲਾ (ਕਨਵੀਨਰ ਜਿਲ੍ਹਾ ਬਰਨਾਲਾ) ਨੇ ਦੱਸਿਆ ਕਿ ਪਿਛਲੀ ਸਰਕਾਰ ਨੇ 750 ਸਕੂਲ ਲਾਇਬਰੇਰੀਅਨ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਸੀ। ਬਾਅਦ ਵਿੱਚ ਇਹਨਾਂ ਅਸਾਮੀਆਂ ਦੀ ਗਿਣਤੀ ਘਟਾਕੇ 693 ਕਰ ਦਿੱਤੀ। ਜਿਨਾ ਵਿੱਚੋਂ ਸਿਰਫ 532 ਦੇ ਕਰੀਬ ਹੀ ਲਾਇਬਰੇਰੀਅਨ ਤੈਨਾਤ ਕੀਤੇ ਗਏ ਹਨ। ਰਹਿੰਦੀਆਂ ਅਸਾਮੀਆਂ ਬਾਰੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ।
ਹਰਪ੍ਰੀਤ ਸਿੰਘ ਉੱਭਾਵਾਲ (ਸਹਾਇਕ ਕਨਵੀਨਰ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਸਮੇਂ ਦਿੱਤੀਆਂ 750 ਅਸਾਮੀਆਂ ਦੀ ਪੂਰੀ ਭਰਤੀ ਕੀਤੀ ਜਾਵੇ ਅਤੇ ਲਾਇਬਰੇਰੀਅਨਾਂ ਦੀਆਂ 3000 ਅਸਾਮੀਆਂ ਦੀ ਨਵੀਂ ਭਰਤੀ ਕੀਤੀ ਜਾਵੇ, ਮਿਡਲ ਅਤੇ ਹਾਈ ਸਕੂਲਾਂ ਵਿੱਚ ਲਾਇਬਰੇਰੀਆਂ ਖੋਲ੍ਹੀਆਂ ਜਾਣ ਅਤੇ ਲਾਇਬ੍ਰੇਰੀਅਨਾਂ ਦੀਆਂ ਪੋਸਟਾਂ ਉਡੀਕਦਿਆਂ ਓਵਰਏਜ ਹੋਏ ਉਮੀਦਵਾਰਾਂ ਲਈ ਉਮਰ ਦੀ ਰਾਹਤ ਦਿੱਤੀ ਜਾਵੇ। ਸਭ ਤੋਂ ਪ੍ਰਮੁੱਖ ਭਾਰਤ ਦੇ 18 ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਸਮੇਤ 19 ਰਾਜ ਹਨ ਜਿਨ੍ਹਾਂ ਵਿੱਚ ਲਾਇਬਰੇਰੀ ਐਕਟ ਪਾਸ ਹੈ, ਪਰ ਪੰਜਾਬ ਵਿੱਚ ਹਾਲੇ ਤੱਕ ਇਹ ਐਕਟ ਪਾਸ ਨਹੀਂ ਕੀਤਾ ਗਿਆ, ਬਹੁਤ ਵਾਰ ਇਸ ਐਕਟ ਨੂੰ ਪਾਸ ਕਰਵਾਉਣ ਲਈ ਸਰਕਾਰਾਂ ਕੋਲ ਮੰਗ ਉਠਾਈ ਗਈ ਪਰ ਹਰ ਵਾਰ ਇਸ ਮੰਗ ਨੂੰ ਅਣਗੌਲਿਆ ਹੀ ਕੀਤਾ ਗਿਆ। 2011 ਤੋੰ ਲਾਇਬਰੇਰੀ ਐਕਟ ਦਾ ਖਰੜਾ ਤਿਆਰ ਕੀਤਾ ਗਿਆ ਹੈ ਜੋ ਕਿ ਸਰਕਾਰੀ ਫਾਈਲਾਂ ਵਿੱਚ ਧੂੜ ਫੱਕ ਰਿਹਾ ਹੈ । ਪੰਜਾਬ ਸਰਕਾਰ ਇਸ ਐਕਟ ਨੂੰ ਪਾਸ ਕਰੇ, ਇਸ ਐਕਟ ਨਾਲ ਹਰ ਪਿੰਡਾਂ ਸ਼ਹਿਰਾਂ ਵਿੱਚ ਲਾਇਬਰੇਰੀਆਂ ਖੋਲੀਆਂ ਜਾ ਸਕਣਗੀਆਂ ਤੇ ਆਮ ਲੋਕ ਇਹਨਾਂ ਦੀ ਵਰਤੋਂ ਕਰ ਸਕਣਗੇ ਅਤੇ ਬੇਰੁਜ਼ਗਾਰ ਲਾਇਬਰੇਰੀਅਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ । ਇਸ ਮੌਕੇ ਰਾਜ ਸਿੰਘ ਭਦੌੜ,ਮਨਿੰਦਰਜੀਤ ਧਨੌਲਾ, ਫਤਿਹਇੰਦਰ ਭੈਣੀ, ਕੁਲਵੰਤ ਬਰਨਾਲਾ,ਆਸ਼ੂ ਗੋਇਲ, ਇਕਜੋਤ ਕਾਹਨੇਕੇ, ਪਰਦੀਪ ਬਰਨਾਲਾ ਆਦਿ ਹਾਜ਼ਰ ਸਨ।