
ਜਲੰਧਰ (Check Post) | ਫਿਲੌਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਨੀਵਾਰ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੁਦੁਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ ਨਾਲ ਮੁਲਾਕਾਤ ਕੀਤੀ। ਇਕਬਾਲ ਸਿੰਘ ਨੇ ਵਿਕਰਮਜੀਤ ਚੌਧਰੀ ਨੂੰ ਫਿਲੌਰ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਸ਼ੁੱਭ ਇੱਛਾਵਾਂ ਵਿਕਰਮਜੀਤ ਦੇ ਨਾਲ ਹਨ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਚੌਧਰੀ ਨੇ ਕਿਹਾ ਕਿ ਇਕਬਾਲ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਸਰਕਾਰ ਤੇ ਕਾਂਗਰਸ ਪਾਰਟੀ ਅੰਦਰ ਕਈ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਹਨਾਂ ਆਖਿਆ ਇਕਬਾਲ ਸਿੰਘ ਜੀ ਇੱਕ ਉੱਘੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਰਾਜ ਸਭਾ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਜਨਤਕ ਸੇਵਾ ਦਾ ਉਹਨਾਂ ਦਾ ਰਿਕਾਰਡ ਬੇਮਿਸਾਲ ਹੈ ਅਤੇ ਉਹਨਾਂ ਨੇ ਹਮੇਸ਼ਾਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ ਹੈ। ਮੈਂ ਪੰਜਾਬ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਕਾਰਜਕਾਲ ਸ਼ੁਰੂ ਕਰ ਰਿਹਾ ਹਾਂ, ਇਸ ਲਈ ਮੈਂ ਉਨ੍ਹਾਂ ਨਾਲ ਮਿਲਕੇ ਉਹਨਾਂ ਤੋਂ ਆਸ਼ੀਰਵਾਦ ਅਤੇ ਮਾਰਗ ਦਰਸ਼ਨ ਲਿਆ। ਇਸ ਮੌਕੇ ਇਕਬਾਲ ਸਿੰਘ ਦੇ ਸਪੁੱਤਰ ਅਭੈ ਸਿੰਘ ਅਤੇ ਅਮਰਜੋਤ ਸਿੰਘ, ਬੇਅੰਤ ਸਿੰਘ ਸਰਹੱਦੀ ਅਤੇ ਸੰਗਤ ਰਾਮ ਆਦਿ ਹਾਜ਼ਰ ਸਨ।