
ਪਹਿਲੇ ਦਿਨ ਸਰਕਾਰੀ ਹਸਪਤਾਲ ਦਾ ਦੌਰਾ ਅਤੇ ਦੂਜੇ ਦਿਨ ਜੋਗੀਆਂ ਮੁਹੱਲੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
– ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਮੀਟਰ ਦੀ ਸਕਿਉਰਿਟੀ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਭਰ ਕੇ ਘਰਾਂ ਵਿੱਚ ਮੀਟਰ ਲਗਵਾਵਾਂਗੇ : ਡਾ.ਬਲਜੀਤ ਕੌਰ।
(ਪ੍ਰੇਮ ਗਰਗ) ਮਲੋਟ। ਪੰਜਾਬ ਵਿੱਚ ‘ਆਪ’ ਪਾਰਟੀ ਦੀ ਸਰਕਾਰ ਆਉਣ ’ਤੇ ਜਿੱਥੇ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਤੁਰੰਤ ਐਕਸ਼ਨ ਲੈਂਦਿਆਂ ਲੋਕਾਂ ਵਿੱਚ ਵਿਚਰਣ, ਉਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਹਾ ਗਿਆ। ਉਥੇ ਜਿੱਥੇ ਵਿਧਾਇਕਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਥੇ ਮਲੋਟ ਤੋਂ ‘ਆਪ’ ਦੇ ਵਿਧਾਇਕ ਡਾ. ਬਲਜੀਤ ਕੌਰ ਅੱਜ ਦੂਜੇ ਦਿਨ ਵੀ ਐਕਸ਼ਨ ਵਿੱਚ ਦਿੱਸੇ। ਡਾ. ਬਲਜੀਤ ਕੌਰ ਨੇ ਅੱਜ ਪਛੜੇ ਏਰੀਏ ਜੋਗੀਆਂ ਮੁਹੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ ਬਿਜਲੀ ਦੀਆਂ ਸਮੱਸਿਆਵਾਂ ਤੇ ਹੋਰ ਮੁਸ਼ਕਲਾਂ ਨੂੰ ਜਾਣਨ ਤੇ ਉਨਾਂ ਦੇ ਹੱਲ ਲਈ ਦੌਰਾ ਕੀਤਾ। ਉਨਾਂ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਮੁਹੱਲਾ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਘੰਟਿਆਂ ਬੱਧੀ ਉਨਾਂ ਦੀਆਂ ਮੁਸ਼ਕਿਲਾਂ ਪੁੱਛੀਆਂ, ਆਰਥਿਕ ਪੱਖੋਂ ਪੱਛੜੇ ਲੋਕਾਂ ਦੇ ਘਰਾਂ ਵਿੱਚ ਮੀਟਰ ਨਾ ਲੱਗਣ, ਕਈ ਥਾਵਾਂ ਤੇ ਖੰਭੇ ਲੱਗਣ ਤੇ ਹੋਰ ਮੁਸ਼ਕਲਾਂ ਬਾਰੇ ਲੋਕਾਂ ਨੇ ਦੱਸਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਮੁਹੱਲੇ ਵਿਚ ਆ ਕੇ ਗਏ ਹਨ ਤੇ ਅੱਜ ਵੀ ਵੇਖ ਰਹੇ ਹਨ ਕਿ ਇਸ ਗਰੀਬ ਬਸਤੀ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗੇ, ਮੀਟਰ ਸੜ ਗਏ ਹਨ ਜਾਂ ਹੋਰ ਬਿਜਲੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਿਜਲੀ ਬੋਰਡ ਦੇ ਐਕਸੀਅਨ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹ ਖੁਦ ਇਥੇ ਪੁੱਜੇ ਹਨੇ ਉਨਾਂ ਕਿਹਾ ਕਿ ਇਹ ਏਰੀਆ ਅਣਗੌਲਿਆ ਰਿਹਾ ਹੋਣ ਕਰਕੇ ਇੱਥੇ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਿਆਂ। ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਇਹ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਮੀਟਰ ਦੀ ਸਕਿਉਰਿਟੀ ਨਹੀਂ ਭਰ ਸਕਦੇ ਇਸ ਲਈ ਉਹ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਸਰਕਾਰੀ ਫੀਸ ਭਰ ਕੇ ਇਨਾਂ ਲੋਕਾਂ ਦੇ ਘਰਾਂ ਵਿੱਚ ਮੀਟਰ ਲਵਾਉਣਗੇ। ਉਨਾਂ ਕਿਹਾ ਕਿ ਪੜਾਈ ਦੀ ਘਾਟ ਕਰਕੇ ਇਹ ਲੋਕ ਅਧਿਕਾਰੀਆਂ ਤੱਕ ਪਹੁੰਚ ਹੀ ਨਹੀਂ ਕਰ ਸਕੇ ਤੇ ਹੁਣ ਇਨਾਂ ਨੂੰ ਮੁਹੱਲਿਆਂ ਵਿਚ ਸਫ਼ਾਈ ਸੀਵਰੇਜ, ਕਣਕ ਦੀ ਵੰਡ ਵਰਗੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। ਇਸ ਮੌਕੇ ਬਿਜਲੀ ਵਿਭਾਗ ਦੇ ਐਕਸੀਅਨ ਰਜਿੰਦਰ ਕੁਮਾਰ, ਐੱਸਡੀਓ ਜੋਧਵੀਰ ਸਿੰਘ, ਐੱਸਡੀਓ ਇਕਬਾਲ ਸਿੰਘ, ਜੇ.ਈ. ਅਜੈ ਕੁਮਾਰ ਤੋਂ ਇਲਾਵਾ ਆਪ ਪਾਰਟੀ ਦੇ ਆਗੂ ਰਮੇਸ਼ ਅਰਨੀਵਾਲਾ, ਆਪ ਪਾਰਟੀ ਮਲੋਟ ਦੇ ਪ੍ਰਧਾਨ ਰਾਜੀਵ ਉਪੱਲ, ਯੂਥ ਵਿੰਗ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਸਾਹਿਲ ਮੌਂਗਾ, ਪਰਮਜੀਤ ਸਿੰਘ, ਗੁਰਮੀਤ ਖੋਖਰ, ਵਿਕਰਮ ਮਲੋਦੀਆ, ਕਿ੍ਰਸਨ ਮਿੱਡਾ, ਹਰਜਿੰਦਰ ਸਿੰਘ, ਲਵ ਬੱਤਰਾ, ਜਗਤੇਜ ਸਿੰਘ ਜੇ.ਈ.ਆਦਿ ਸ਼ਾਮਲ ਸਨ।
