
– ਸਮਾਜ ਸੇਵਾ ’ਚ ਸਰਗਰਮ ਸ਼ਖਸੀਅਤਾਂ ਨੂੰ ਕੀਤਾ ਸਨਮਾਨਤ
(ਸ਼ਿਵ ਕੋੜਾ) ਫਗਵਾੜਾ। ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਵਲੋਂ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਹਿਯੋਗ ਨਾਲ ਗੋਲਡਨ ਜੁਬਲੀ ਰਾਸ਼ਨ ਵੰਡ ਸਮਾਗਮ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਹੋਟਲ ਕਲਾਰਕ ਇਨ ਵਿਖੇ ਕਰਵਾਇਆ ਗਿਆ। ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ 50 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ‘ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਪੰਜ ਅਧਿਆਪਕਾਂ, ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾ ਰਹੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਇਕ ਡਾਕਟਰ ਨੂੰ ਵਿਧੀਆ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਣ ਉਪਰੰਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਲਾਇਨਜ ਇੰਟਰਨੈਸ਼ਨਲ 321-ਡੀ ਦੇ ਗਵਰਨਰ ਲਾਇਨ ਦਵਿੰਦਰ ਪਾਲ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸਹਾਇਤਾ ਕਰਨਾ ਬਹੁਤ ਵੱਡਾ ਪ੍ਰੋਪਕਾਰ ਹੈ। ਅੱਜ ਜਦੋਂ ਲੋਕਾਂ ਲਈ ਖੁਦ ਆਪਣੇ ਪਰਿਵਾਰ ਦਾ ਖਰਚਾ ਚੁੱਕਣਾ ਮੁਸ਼ਕਲ ਹੈ ਤਾਂ ਗੁਰਦੀਪ ਸਿੰਘ ਕੰਗ ਅਨੇਕਾਂ ਪਰਿਵਾਰਾਂ ਲਈ ਰਾਸ਼ਨ ਦੀ ਵਿਵਸਥਾ ਕਰ ਰਹੇ ਹਨ। ਉਹਨਾਂ ਗੁਰਦੀਪ ਸਿੰਘ ਕੰਗ ਨੂੰ ਆਪਣੇ ਆਪ ‘ਚ ਇੱਕ ਸੰਸਥਾ ਦੱਸਦਿਆਂ ਕਿਹਾ ਕਿ ਫਗਵਾੜਾ ਦੇ ਲੋਕਾਂ ‘ਚ ਸੇਵਾ ਭਾਵਨਾਂ ਤੋਂ ਉਹ ਪ੍ਰਭਾਵਿਤ ਹੋਏ ਹਨ। ਲਾਇਨ ਅਰੋੜਾ ਨੇ ਕਿਹਾ ਕਿ ਲਾਇਨਜ ਇੰਟਰਨੈਸ਼ਨਲ 321-ਡੀ ਲਈ ਮਾਣ ਵਾਲੀ ਗੱਲ ਹੈ ਕਿ ਗੁਰਦੀਪ ਸਿੰਘ ਕੰਗ ਵਰਗੇ ਸਮਾਜ ਸੇਵਕ ਲਾਇਨਜ ਇੰਟਰਨੈਸ਼ਨਲ ਨਾਲ ਵੀ ਜੁੜੇ ਹੋਏ ਹਨ। ਇਸ ਮੌਕੇ ਲਾਇਨ ਐਸ.ਪੀ. ਸੌਂਧੀ ਗਵਰਨਰ-1 ਲਾਇਨਜ ਇੰਟਰਨੈਸ਼ਨਲ 321-ਡੀ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ‘ਚ ਸਮਾਜ ਸੇਵਾ ਦੀ ਭਾਵਨਾ ਡੂੰਘੀ ਵੱਸਦੀ ਹੈ। ਜੋ ਕਿ ਪ੍ਰਭਾਵਿਤ ਕਰਨ ਵਾਲੀ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਸਿੰਘ ਹਰਜੀ ਮਾਨ ਨੇ ਵੀ ਸੰਬੋਧਨ ਕਰਦਿਆਂ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਅਤੇ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਸਮਾਜ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੇ ਅਖੀਰ ‘ਚ ਗੁਰਦੀਪ ਸਿੰਘ ਕੰਗ ਨੇ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਫੋਰਮ ਵਲੋਂ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ।