
ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਨੇ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਦਿੱਤਾ ਸੁਨੇਹਾ
(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ।
ਜ਼ਿਲਾ ਗਵਰਨਰ 321-ਐਫ ਐਮ.ਜੇ.ਐਫ. ਲਾਇਨ ਲਲਿਤ ਬਹਿਲ ਦੇ ਨਿਰਦੇਸ਼ਾਂ ਤਹਿਤ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਵੱਲੋਂ ਪ੍ਰਧਾਨ ਅੰਕੁਰ ਜਖਮੀ ਅਤੇ ਸਕੱਤਰ ਅੰਕਿਤ ਪਾਹੂਜਾ ਦੀ ਅਗਵਾਈ ਹੇਠ ਵਾਤਾਵਰਨ ਬਚਾਓ ਮੁਹਿੰਮ ਤਹਿਤ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਖੇਡ ਮੈਦਾਨ ਵਿਖੇ ਵੱਡੀ ਗਿਣਤੀ ਵਿੱਚ ਬੂਟੇ ਲਾਏ ਗਏ ਅਤੇ ਇਹਨਾਂ ਬੂਟਿਆਂ ਦੀ ਸੇਵਾ-ਸੰਭਾਲ ਦਾ ਪ੍ਰਣ ਵੀ ਲਿਆ ਗਿਆ। ਇਸ ਮੌਕੇ ਪ੍ਰੌਜੈਕਟ ਚੇਅਰਮੈਨ ਅਭਿਸ਼ੇਕ ਮਿੱਤਲ, ਵਿਨੋਦ ਧਰਮਗੜੀਆ ਅਤੇ ਪ੍ਰਨੀਤ ਸਲੱਵੀ ਨੇ ਆਖਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਰਿਆਂ ਨੂੰ ਮਿਲ ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ ਇਸ ਲਈ ਜਰੂਰੀ ਹੈ ਧਰਤੀ ’ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਧਰਤੀ ਨੂੰ ਹਰਾ-ਭਰਾ ਬਣਾ ਕੇ ਹੀ ਅਸੀਂ ਮਨੁੱਖਤਾ ਨੂੰ ਬਚਾ ਸਕਦੇ ਹਾਂ। ਪਾਣੀ, ਹਵਾ ਅਤੇ ਮਿੱਟੀ ਵਿੱਚ ਵਧ ਰਿਹਾ ਪ੍ਰਦੂਸ਼ਣ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਵੱਡਾ ਖਤਰਾ ਬਣ ਗਿਆ ਹੈ ਅਤੇ ਵਾਤਾਵਰਣ ਦੀ ਸੰਭਾਲ ਲਈ ਪਾਣੀ ਬਚਾਓ ਤੇ ਰੁੱਖ ਲਗਾਓ ਦੀ ਮੁਹਿੰਮ ਨੂੰ ਜ਼ੋਰ-ਸ਼ੋਰ ਨਾਲ ਚਲਾਉਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਵਿੱਚ ਸਰਕਾਰਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਧ-ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਕਲੱਬ ਪ੍ਰਧਾਨ ਅੰਕੁਰ ਜਖਮੀ ਅਤੇ ਸਕੱਤਰ ਅੰਕਿਤ ਪਾਹੂਜਾ ਨੇ ਆਖਿਆ ਕਿ ਜਿਸ ਤੇਜ਼ੀ ਨਾਲ ਅੱਜ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਉਸ ਨਾਲ ਇਸਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ ਅਤੇ ਪਿਛਲੇ ਸਮੇਂ ਤੋਂ ਵਾਤਾਵਰਨ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਧਰਤੀ ਦਾ ਸੰਤੁਲਨ ਵੀ ਬਿਗੜ ਰਿਹਾ ਹੈ ਅਤੇ ਵਾਤਾਵਰਨ ਨੂੰ ਹਰਾ-ਭਰਾ ਬਣਾਏ ਰੱਖਣ ਅਤੇ ਸੰਭਾਲ ਲਈ ਅੱਜ ਸਰਕਾਰੀ ਕਾਲਜ ਵਿਖੇ ਵੱਖ-ਵੱਖ ਤਰਾਂ ਦੇ ਬੂਟੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਲਗਾਤਾਰ ਬਿਗੜ ਰਹੇ ਵਾਤਾਵਰਨ ਦੇ ਮੱਦੇਨਜ਼ਰ ਸਮਾਂ ਰਹਿੰਦਿਆਂ ਸਮੂਹ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ, ਨਹੀਂ ਤਾਂ ਮਨੁੱਖੀ ਜੀਵਨ ਨੂੰ ਬਚਾਉਣਾ ਮੁਸ਼ਿਕਲ ਹੋ ਜਾਵੇਗਾ। ਉਹਨਾਂ ਕਿਹਾ ਕਿ ਰੁੱਖ ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਅਤੇ ਜੰਗਲੀ ਜੀਵਾਂ ਲਈ ਵੀ ਵਰਦਾਨ ਹਨ ਜਦਕਿ ਮਨੁੱਖ ਵੱਲੋਂ ਆਪਣੀ ਜਿੰਦਗੀ ਦੇ ਲਾਹੇ ਲਈ ਜੰਗਲਾਂ ਦੀ ਕੀਤੀ ਗਈ ਅੰਨੇਵਾਹ ਕਟਾਈ ਹਮੇਸ਼ਾ ਨੁਕਸਾਨਦਾਇਕ ਸਾਬਿਤ ਹੋਈ ਹੈ ਜਿਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਸਿਹਤਮੰਦ ਵਾਤਾਵਰਨ ਸਿਰਜਨ ਦੀ ਲੋੜ ਹੈ।ਉਹਨਾਂ ਕਿਹਾ ਕਿ ਸਾਨੂੰ ਮਨੁੱਖੀ ਜੀਵਨ ਵਿੱਚ ਰੁੱਖਾਂ ਦੇ ਮਹੱਤਵ ਨੂੰ ਸਮਝਦੇ ਹੋਏ ਸਮਾਜ ਦੇ ਲੋਕਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸਾਫ-ਸੁਥਰਾ ਵਾਤਾਵਰਨ ਬਣਾਏ ਰੱਖਣ ਲਈ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣ ਅਤੇ ਉਸਦੀ ਸੰਭਾਲ ਦਾ ਪ੍ਰਣ ਲੈਣਾ ਚਾਹੀਦਾ ਹੈ।