
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਖੇਤਰ ਚ ਹੋਈ ਬਾਰਸ਼ ਦੇ ਕਾਰਨ ਕਈ ਪਿੰਡਾਂ ਵਿਚ ਪਾਣੀ ਭਰ ਗਿਆ। ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ। ਮੀਹ ਦੇ ਪਾਣੀ ਵੀ ਪੂਰੀ ਤਰਾਂ ਨਿਕਾਸੀ ਨਾ ਹੋਣ ਕਾਰਨ ਇਨਾਂ ਪਿੰਡਾਂ ਦੇ ਵਿਚ ਵੱਡੀ ਸਮੱਸਿਆ ਖੜੀ ਹੋ ਗਈ ਹੈ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਧਾਈ, ਚੱਕ ਬਧਾਈ ਅਤੇ ਫੱਤਣਵਾਲਾ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਫੌਰੀ ਤੌਰ ਤੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਸਮੱਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਕਈ ਏਕੜ ਫਸਲ ਨਰਮੇ ਅਤੇ ਝੋਨੇ ਦੀ ਪਾਣੀ ਵਿਚ ਡੁੱਬ ਗਈ, ਉਥੇ ਹੀ ਪਿੰਡਾਂ ਚ ਹਾਲਾਤ ਇਹ ਹਨ ਕਿ ਕੁਝ ਪਿੰਡਾਂ ਚ ਪਸ਼ੂਆਂ ਦੇ ਲਈ ਚਾਰਾ ਤੱਕ ਨਹੀਂ ਹੈ। ਉਨਾਂ ਨੇ ਕਿਹਾ ਕਿ ਜੋ ਕਦਮ ਫੌਰੀ ਚੁੱਕਣੇ ਚਾਹੀਦੇ ਸਨ ਉਹ ਨਹੀਂ ਚੁੱਕੇ ਗਏ । ਹਨੀ ਫੱਤਣਵਾਲਾ ਨੇ ਕਿਹਾ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਸ ਤਰਾਂ ਅਜੇ ਤੱਕ ਪਾਣੀ ਦੀ ਨਿਕਾਸੀ ਦਾ ਪੂਰੀ ਤਰਾਂ ਪ੍ਰਬੰਧ ਨਹੀਂ ਹੋਇਆ ਤਾਂ ਇਸ ਦੌਰਾਨ ਕਿਹਾ ਜਾ ਸਕਦਾ ਹੈ ਕਿ ਝੋਨਾ ਅਤੇ ਨਰਮਾ ਬੀਜਣਾ ਤਾਂ ਦੂਰ ਦੀ ਗੱਲ ਆਉਣ ਵਾਲੀ ਕਣਕ ਦੀ ਫਸਲ ਵੀ ਸਹੀ ਨਹੀਂ ਬੀਜੀ ਜਾਣੀ। ਇਸ ਮੌਕੇ ਤੇ ਉਨਾਂ ਦੇ ਨਾਲ ਰੌਬੀ ਬਰਾੜ, ਠਾਕਰ ਸਿੰਘ, ਜਗਤਾਰ ਸਿੰਘ ਜੱਗਾ, ਗੁਰਚਰਨ ਸਿੰਘ, ਕੁਲਦੀਪ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਅੰਮਿ੍ਰਤਪਾਲ ਸਿੰਘ ਵੀ ਹਾਜ਼ਰ ਸਨ।