
ਨਵਾਂਸ਼ਹਿਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਖੇਤਰ ਅਧੀਨ ਪੈਂਦੇ ਪਿੰਡ ਭੋਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖ ਰਸਤੇ ਵਿੱਚ ਪਿੰਡ ਦੇ ਗੰਦੇ ਪਾਣੀ ਦੀ ਭਰਮਾਰ ਕਾਰਨ ਸਕੂਲੀ ਬੱਚੇ ਅਤੇ ਸਟਾਫ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਿਕ ਪਿੰਡ ਭੋਲੇਵਾਲ ਨੂੰ ਜਾਂਦੀ ਲਿੰਕ ਸੜਕ ਉੱਤੇ ਸਰਕਾਰੀ ਸਕੂਲ ਦੀ ਇਮਾਰਤ ਹੈ ਅਤੇ ਲਿੰਕ ਸੜਕ ਦੇ ਨਾਲ ਨਾਲ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਬਣਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਪਿੰਡ ਦਾ ਗੰਦਾ ਪਾਣੀ ਨਿਕਾਸੀ ਨਾਲੇ ਵਿੱਚੋਂ ਓਵਰਫਲੋ ਹੋ ਕੇ ਸੜਕ ਉੱਤੇ ਆਉਂਦਾ ਰਿਹਾ ਹੈ ਜਿਸ ਨੂੰ ਲੈ ਕੇ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਨਿਕਾਸੀ ਨਾਲੇ ਦੀ ਸਫਾਈ ਆਦਿ ਕਰਵਾ ਕੇ ਕੰਮ ਸਾਰ ਦਿੱਤਾ ਜਾਂਦਾ ਰਿਹਾ ਹੈ। ਹੁਣ ਬੀਤੇ ਕੁੱਝ ਮਹੀਨਿਆਂ ਤੋਂ ਗੰਦੇ ਪਾਣੀ ਦਾ ਛੱਪੜ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਜਿਸ ਕਾਰਨ ਗੰਦੇ ਪਾਣੀ ਦਾ ਨਿਕਾਸੀ ਨਾਲਾ ਗੰਦਗੀ ਨਾਲ ਭਰਨ ਤੋਂ ਬਾਅਦ ਗੰਦਾ ਪਾਣੀ ਲਿੰਕ ਸੜਕ ਉੱਤੇ ਛੱਪੜ ਵਾਂਗ ਜਮਾਂ ਹੋ ਰਿਹਾ ਹੈ। ਇਸ ਗੰਦੇ ਪਾਣੀ ਨਾਲ ਜਿੱਥੇ ਸਕੂਲ ਦਾ ਵਾਤਾਵਰਨ ਗੰਦਗੀ ਭਰਿਆ ਬਣਿਆ ਹੋਇਆ ਹੈ ਉੱਥੇ ਹੀ ਸਕੂਲ ਵਿੱਚ ਆਉਣ-ਜਾਣ ਵਾਲੇ ਬੱਚਿਆਂ ਤੇ ਸਟਾਫ ਨੂੰ ਅਤਿਅੰਤ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਪਿੰਡ ਵੱਲੋਂ ਗੋਬਰ ਅਤੇ ਗੰਦਗੀ ਵਾਲਾ ਪਾਣੀ ਕਾਫੀ ਮਾਤਰਾ ਵਿੱਚ ਆ ਰਿਹਾ ਹੈ ਜਿਸ ਵਿਚ ਕਈ ਪਸ਼ੂਆਂ ਦੇ ਤਬੇਲਿਆਂ ਵਾਲਿਆਂ ਦੀ ਵੱਡੀ ਲਾਪਰਵਾਹੀ ਵੀ ਦੱਸੀ ਜਾ ਰਹੀ ਹੈ। ਜਿੱਥੇ ਪੰਚਾਇਤ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਲਾਚਾਰ ਨਜ਼ਰ ਆ ਰਹੀ ਹੈ ਉੱਥੇ ਹੀ ਇਹ ਮਸਲਾ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਦੇ ਵੀ ਵਸ ਤੋਂ ਬਾਹਰ ਜਾਪਦਾ ਹੈ। ਸਰਕਾਰਾਂ ਸਿੱਖਿਆ ਕ੍ਰਾਂਤੀ ਦੀ ਗੱਲ ਤਾਂ ਕਰਦੀਆਂ ਹਨ ਲੇਕਿਨ ਭੋਲੇਵਾਲ ਵਰਗੇ ਸਕੂਲ ਦੇ ਹਾਲਾਤ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਸ ਸਕੂਲ ਦਾ ਕੋਈ ਵਾਲੀ ਵਾਰਸ ਹੀ ਨਹੀਂ ਹੈ। ਅਜੀਬ ਗੱਲ ਹੈ ਕਿ ਧਾਰਮਿਕ ਸਥਾਨਾਂ ਨੂੰ ਤਾਂ ਬੜਾ ਸਾਫ ਸੁਥਰਾ ਰੱਖਿਆ ਜਾ ਰਿਹਾ ਹੈ ਪ੍ਰੰਤੂ ਜਿਸ ਮੰਦਰ ਤੋਂ ਬੱਚਿਆਂ ਨੂੰ ਗਿਆਨ ਹਾਸਿਲ ਹੋਣਾ ਹੈ ਉਸ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਹੈ।
ਸਕੂਲ ਵਿੱਚ ਘਟ ਰਹੀ ਹੈ ਬੱਚਿਆਂ ਦੀ ਗਿਣਤੀ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਕੂਲ ਦੇ ਗੰਦਗੀ ਭਰੇ ਮਾਹੌਲ ਤੋਂ ਤੰਗ ਹੋ ਕੇ ਕੁਝ ਕੁ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿੱਚੋਂ ਹਟਾ ਕੇ ਕਿਧਰੇ ਹੋਰ ਲਗਾ ਦਿੱਤਾ ਹੈ। ਇੱਕ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਜ਼ੋਰ ਪਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਭੋਲੇਵਾਲ ਪਿੰਡ ਦੇ ਸਕੂਲ ਦੇ ਹਾਲਾਤਾਂ ਵਰਗੇ ਸਕੂਲਾਂ ਵਿੱਚ ਲੋਕ ਬੱਚੇ ਕਿਵੇਂ ਪੜ੍ਹਾ ਸਕਦੇ ਹਨ।
ਗੰਦਗੀ ਭਰੇ ਮਾਹੌਲ ਵਿੱਚ ਬੱਚੇ ਬਿਮਾਰ ਹੋ ਸਕਦੇ ਹਨ : ਸਾਬਕਾ ਸਰਪੰਚ ਟੌਂਸਾ
ਪਿੰਡ ਭੋਲੇਵਾਲ ਦੇ ਸਰਕਾਰੀ ਸਕੂਲ ਦੇ ਨਾਲ ਬਣੀ ਨਰਕਮਈ ਸਥਿਤੀ ਨੂੰ ਲੈ ਕੇ ਪਿੰਡ ਟੌਂਸਾ ਦੇ ਸਾਬਕਾ ਸਰਪੰਚ ਧਰਮਪਾਲ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਕਈ ਸਰਕਾਰਾਂ ਆਈਆਂ ਤੇ ਗਈਆਂ ਅਤੇ ਪੰਚਾਇਤਾਂ ਵੀ ਬਣੀਆਂ ਪਰੰਤੂ ਸਕੂਲ ਦੇ ਨਾਲ ਦੀ ਸੜਕ ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਨਾ ਹੋ ਸਕਿਆ। ਉਨਾਂ ਕਿਹਾ ਕਿ ਸਕੂਲ ਦੇ ਨਾਲ ਗੰਦਗੀ ਭਰੇ ਮਾਹੌਲ ਕਾਰਨ ਬੱਚੇ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਵੀ ਆ ਸਕਦੇ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੇਂਗੂ ਅਤੇ ਮਲੇਰੀਏ ਆਦਿ ਨੂੰ ਲੈ ਕੇ ਪਿੰਡਾਂ ਵਿੱਚ ਘਰ ਘਰ ਤੱਕ ਜਾਂਦੀਆਂ ਹਨ ਪ੍ਰੰਤੂ ਉਕਤ ਸਕੂਲ ਵੱਲ ਸਿਹਤ ਵਿਭਾਗ ਦੀ ਕੋਈ ਵੀ ਟੀਮ ਨਹੀਂ ਜਾਂਦੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦਾ ਸਕੂਲ ਵੱਲ ਜਾਣਾ ਹੋਰ ਵੀ ਲਾਜ਼ਮੀ ਹੈ ਕਿਉਂਕਿ ਉੱਥੇ ਬੱਚੇ ਪੜ੍ਹਦੇ ਹਨ। ਧਰਮਪਲ ਟਾਰੀਆ ਨੇ ਸਿੱਖਿਆ ਵਿਭਾਗ, ਪ੍ਰਸ਼ਾਸਨ ਤੇ ਭੋਲੇਵਾਲ ਦੀ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਨਾਲ ਜਮਾਂ ਹੋ ਰਹੇ ਗੰਦੇ ਪਾਣੀ ਦਾ ਪੱਕਾ ਹੱਲ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਤੇ ਸਕੂਲ ਨੂੰ ਪਰੇਸ਼ਾਨ ਨਾ ਹੋਣਾ ਪਵੇ।
ਕੀ ਕਹਿੰਦੇ ਹਨ ਭੋਲੇਵਾਲ ਦੇ ਸਰਪੰਚ
ਸਰਕਾਰੀ ਸਕੂਲ ਭੋਲੇਵਾਲ ਦੇ ਗੰਦਗੀ ਭਰੇ ਮਾਹੌਲ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਉਹਨਾਂ ਨੇ ਗੰਦੇ ਨਾਲੇ ਦੀ ਸਫਾਈ ਕਰਵਾਈ ਸੀ ਪ੍ਰੰਤੂ ਕੁੱਝ ਲੋਕ ਉਹਨਾਂ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਵੀ ਪਾਣੀ ਦੇ ਨਾਲ ਨਾਲ ਪਸ਼ੂਆਂ ਦਾ ਗੋਬਰ ਸੁੱਟਣ ਤੋਂ ਨਹੀਂ ਹਟ ਰਹੇ ਜਿਸ ਕਾਰਨ ਇਹ ਸਮੱਸਿਆ ਵਾਰ ਵਾਰ ਆ ਰਹੀ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਕੋਲ ਕੋਈ ਫੰਡ ਆਦਿ ਵੀ ਨਹੀਂ ਹੈ ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਸਕੇ। ਉਹਨਾਂ ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੋਸ ਹੱਲ ਕਰਵਾਇਆ ਜਾਵੇ ਤਾਂ ਜੋ ਇਸ ਨਿਤ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।