
ਸਮਰਾਲਾ, 14 ਦਸੰਬਰ ( ਪ੍ਰਿਤਪਾਲ ਸਿੰਘ ਬੰਬ ) : ਬੀਤੀ ਰਾਤ ਚੋਰਾਂ ਵੱਲੋਂ ਸਮਰਾਲਾ ਇਲਾਕੇ ਦੇ 2 ਪਿੰਡਾਂ ਵਿਚ ਮੱਝਾਂ ਅਤੇ ਕੱਟੀਆਂ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੰਜਾਲੀ ਕਲਾਂ ਨੇ ਭਰੇ ਮਨ ਨਾਲ ਦੱਸਿਆ ਹੈ ਕਿ ਉਹਨਾਂ ਨੇ ਆਪਣੀਆਂ ਮੱਝਾਂ ਅੰਦਰ ਵਾੜੇ ਵਿਚ ਬੰਨੀਆਂ ਹੋਈਆਂ ਸਨ ਅਤੇ ਅੱਜ ਸਵੇਰੇ ਉਹ 5 ਵਜੇ ਦੇ ਕਰੀਬ ਮੱਝਾਂ ਦੀ ਧਾਰ ਚੋਣ ਗਏ ਤਾਂ ਉਹ ਦੇਖਕੇ ਹੈਰਾਨ ਰਹਿ ਗਏ ਕਿ ਵਾੜੇ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਅੰਦਰ ਕੋਈ ਵੀ ਮੱਝ ਅਤੇ ਕੱਟੀਆਂ ਨਹੀਂ ਸਨ। ਜਿਸ ਤੇ ਉਹਨਾਂ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਉਹਨਾਂ ਮੱਝਾਂ ਵਾਲੇ ਵਾੜੇ ਦਾ ਦਰਵਾਜਾ ਖੋਲ ਕੇ 4 ਮੱਝਾਂ ਅਤੇ 3 ਕੱਟੀਆਂ ਦੇ ਸੰਗਲ ਖੋਲਕੇ ਡੰਗਰਾਂ ਨੂੰ ਚੋਰੀ ਕਰਕੇ ਕਿਸੇ ਗੱਡੀ ਵਿਚ ਲੱਦਕੇ ਲੈ ਗਏ ਹਨ। ਇਸੇ ਤਰ੍ਹਾਂ ਪਿੰਡ ਬਗਲੀ ਕਲਾਂ ਦੇ ਜਾਗਰ ਸਿੰਘ ਪੁੱਤਰ ਦਲੀਪ ਸਿੰਘ ਨੇ ਵੀ ਦੱਸਿਆ ਕਿ ਉਹ ਵੀ ਆਪਣੀਆਂ 3 ਮੱਝਾਂ ਨੂੰ ਮੇਰੇ ਸਾਹਮਣੇ ਡੰਗਰਾਂ ਵਾਲੇ ਮਕਾਨ ਵਿਚ ਬੰਨਕੇ ਅਤੇ ਤਾਲਾ ਲਗਾਕੇ ਆਪਣੇ ਘਰ ਚਲਾ ਗਿਆ। ਜਦੋਂ ਉਸਨੇ ਬਾਹਰ ਰੋਲਾ ਪੈਂਦਾ ਦੇਖਿਆ ਤਾਂ ਉਹ ਉਠਕੇ ਆਪਣੇ ਘਰ ਤੋਂ ਬਾਹਰ ਆਉਣ ਲੱਗਾ ਤਾਂ ਚੋਰਾਂ ਵੱਲੋਂ ਉਸ ਦੇ ਮਕਾਨ ਦਾ ਬਾਹਰਲਾ ਦਰਵਾਜਾ ਬੰਦ ਕੀਤਾ ਗਿਆ ਜਦੋਂ ਉਸ ਨੇ ਦੂਜੇ ਦਰਵਾਜੇ ਆਕੇ ਬਾਹਰ ਦੇਖਿਆ ਤਾਂ ਚੋਰ ਉਸਦੀਆਂ 2 ਮੱਝਾਂ ਗੱਡੀ ਵਿਚ ਲੱਦਕੇ ਗੱਡੀ ਭਜਾਕੇ ਲੈ ਗਏ ਜਦ ਕਿ ਇੱਕ ਮੱਝ ਭੱਜਕੇ ਖੇਤਾਂ ਵਿਚ ਜਾ ਵੜੀ ਜਿਸ ਕਾਰਨ 1 ਮੱਝ ਚੋਰੀ ਹੋਣ ਤੋਂ ਬਚ ਗਈ। ਉਸਨੇ ਅੱਗੇ ਦੱਸਿਆ ਕਿ ਉਸਦਾ ਇਹ ਨੁਕਸਾਨ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਹੋ ਗਿਆ ਹੈ। ਇਹਨਾਂ ਚੋਰੀ ਹੋਈਆਂ ਮੱਝਾਂ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਬੇਖੋਫ ਘੁੰਮ ਰਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤਾਂ ਅੱਗੇ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ।