
(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ। ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜਿਮਨੀ ਚੋਣ ਸਬੰਧੀ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਨਾਲ ਸਬੰਧਤ ਪੋਲਿੰਗ ਪਾਰਟੀਆਂ ਨੂੰ ਸਥਾਨਕ ਆਈ.ਟੀ.ਆਈ. ਤੋਂ ਪੋਲਿੰਗ ਬੂਥਾਂ ਲਈ ਸਾਜੋ-ਸਾਮਾਨ ਨਾਲ ਰਵਾਨਾ ਕੀਤਾ ਗਿਆ। ਇਸ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੌਰਾ ਕਰਕੇ ਚੋਣ ਅਮਲੇ ਦਾ ਜਾਇਜ਼ਾ ਲਿਆ ਅਤੇ ਚੋਣ ਅਬਜਰਵਰ, ਐਸ.ਡੀ.ਐਮ. ਜਸਪ੍ਰੀਤ ਸਿੰਘ ਅਤੇ ਤਹਿਸੀਲਦਾਰ ਕੁਲਦੀਪ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਜ਼ਿਮਨੀ ਚੋਣ ਵਿੱਚ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਇਸ ਅਧੀਨ 9 ਹਲਕੇ ਪੈਂਦੇ ਹਨ ਜਿਹਨਾਂ ਵਿੱਚ ਜ਼ਿਲਾ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਹਨ ਅਤੇ ਇਸ ਚੋਣ ਸਬੰਧੀ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਚੋਣ ਨੂੰ ਜ਼ਿਲਾ ਪ੍ਰਸ਼ਾਸ਼ਨ ਅਮਨ-ਸ਼ਾਂਤੀ ਅਤੇ ਨਿਰਪੱਖ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ। ਇਸ ਸਮੇਂ ਐਸ.ਡੀ.ਐਮ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ 209 ਚੋਣ ਬੂਥ ਹਨ ਜਿਸ ਲਈ ਸਮੂਹ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ।