(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਦਾਣਾ ਮੰਡੀ (ਨਵੀਂ ਸਬਜ਼ੀ ਮੰਡੀ) ਰਹੀਮਪੁਰ ਵਿਖੇ ਰੇਹੜੀ-ਫੜੀ ਵਾਲਿਆਂ ਤੋਂ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਨਜਾਇਜ਼ ਵਸੂਲੀ ਵਿਰੁੱਧ ਸਮਾਜ ਚਿੰਤਕ ਅਤੇ ਸਮਾਜਸੇਵੀ ਪਰਮਜੀਤ ਸਿੰਘ ਚਦੇਵਾ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਉਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਗਰੀਬ ਲੋਕਾਂ ਨੂੰ ਉਨਾਂ ਦਾ ਬਣਦਾ ਹੱਕ ਨਹੀਂ ਮਿਲ ਜਾਂਦਾ। ਉਦੋਂ ਤੱਕ ਉਹ ਚੈਨ ਵਿੱਚ ਨਹੀਂ ਆਵੇਗਾ, ਜਿੱਥੇ ਉਹ ਇਸ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਵਿੱਤ ਮੰਤਰੀ ਪੰਜਾਬ ਨੂੰ ਮਿਲੇ ਸਨ, ਉੱਥੇ ਹੀ ਹੁਣ ਉਨਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ। ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਉਨਾਂ ਨੇ ਚੱਢਾ ਨੂੰ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਗ਼ਰੀਬ ਰੇਹੜੀ ਫੜੀ ਵਾਲਿਆਂ ਨੂੰ ਉਨਾਂ ਦੇ ਹੱਕ ਦੇ ਸਕਦੀ ਹੈ ਅਤੇ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਕੇ ਸਿੱਧੇ ਤੌਰ ’ਤੇ ਫੀਸਾਂ ਲੈਣ ਦਾ ਪ੍ਰਬੰਧ ਕਰ ਸਕਦੀ ਹੈ। ਉਨਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਉਨਾਂ ਸ੍ਰੀ ਚੱਢਾ ਨੂੰ ਬਲੂ ਪਿ੍ਰੰਟ ਸੌਂਪਦਿਆਂ ਕਿਹਾ ਕਿ ਇਸ ਮਾਮਲੇ ਦੇ ਸਥਾਈ ਹੱਲ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀ ਵਿੱਚ ਰੇਹੜੀ-ਫੜੀ ਵਾਲਿਆ ਨੂੰ ਸਕੇਅਰ ਫੁੱਟ ਹਿਸਾਬ ਨਾਲ ਜਗਾ ਅਲਾਟ ਕੀਤੀ ਜਾਵੇ ਅਤੇ ਉਨਾਂ ਦੀ ਰਜਿਸਟਰੇਸ਼ਨ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। ਸਚਦੇਵਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਰੇਹੜੀ ਵਾਲਿਆਂ ਦੀ ਰਜਿਸਟਰੇਸ਼ਨ ਲਈ ਵਸੂਲੀ ਜਾ ਰਹੀ ਫ਼ੀਸ (500 ਰੁਪਏ) ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਘਟਾ ਕੇ 100 ਰੁਪਏ ਕੀਤਾ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਠੇਕੇਦਾਰੀ ਪ੍ਰਥਾ ਬੰਦ ਕਰਕੇ ਰੇਹੜੀ ਵਾਲਿਆਂ ਤੋਂ ਸਿੱਧੀ ਫੀਸ ਵਸੂਲੀ ਜਾਵੇ ਅਤੇ ਇਹ ਫੀਸ ਮੰਡੀ ਬੋਰਡ ਦੇ ਦਫ਼ਤਰ ਵਿੱਚ ਪਹਿਲਾਂ ਹੀ ਜਮਾਂ ਕਰਵਾਈ ਜਾਵੇ ਤਾਂ ਜੋ ਇਸ ਮਾਮਲੇ ਵਿੱਚ ਕਿਸੇ ਕਿਸਮ ਦਾ ਭਿ੍ਰਸ਼ਟਾਚਾਰ ਹੋਣ ਦੀ ਸੰਭਾਵਨਾ ਨਾ ਰਹੇ। ਅਜਿਹਾ ਕਰਨ ਨਾਲ ਗ਼ਰੀਬ ਰੇਹੜੀ-ਫੜੀ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਨਿਡਰ ਹੋ ਕੇ ਰਹਿ ਸਕਣਗੇ। ਇਸ ਦੇ ਨਾਲ ਹੀ ਉਨਾਂ ਸ੍ਰੀ ਚੱਢਾ ਨੂੰ ਇਹ ਵੀ ਕਿਹਾ ਕਿ ਦੋਪਹੀਆ ਵਾਹਨ ਚਾਲਕਾਂ, ਸਾਈਕਲ ਅਤੇ ਸਕੂਟਰ ਆਦਿ ਨੂੰ ਮੰਡੀ ਦੇ ਗੇਟ ’ਤੇ ਕੱਟੀ ਜਾਣ ਵਾਲੀ ਪਰਚੀ ਵਿੱਚ ਛੋਟ ਦਿੱਤੀ ਜਾਵੇ ਅਤੇ ਪਰਚੀ ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਤੋਂ ਹੀ ਲਈ ਜਾਵੇ। ਇੰਨਾ ਹੀ ਨਹੀਂ ਇਸ ਪਰਚੀ ਨੂੰ 24 ਘੰਟੇ ਲਈ ਵੈਧ ਕੀਤਾ ਜਾਵੇ ਤਾਂ ਜੋ ਟੈਂਪੂ ਅਤੇ ਟਰੱਕ ਆਦਿ ਨੂੰ ਵੀ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਕਿਉਂਕਿ ਮੌਜੂਦਾ ਸਮੇਂ ’ਚ ਇਕ ਵਾਰ ਪਰਚੀ ਕੱਟ ਕੇ ਹੀ ਐਂਟਰੀ ਦਿੱਤੀ ਜਾ ਰਹੀ ਹੈ। ਇਸ ਲਈ ਲੋੜ ਹੈ ਕਿ ਗੇਟ ਸਲਿਪ ’ਤੇ ਦਿਨ ਭਰ ਲਗਾਤਾਰ ਆਉਣ-ਜਾਣ ਦੀ ਸਹੂਲਤ ਦਿੱਤੀ ਜਾਵੇ। ਸ੍ਰੀ ਸਚਦੇਵਾ ਨੇ ਦੱਸਿਆ ਕਿ ਸ੍ਰੀ ਚੱਢਾ ਨੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਸਬੰਧੀ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਗਰੀਬ ਰੇਹੜੀ ਵਾਲਿਆਂ ਅਤੇ ਰੇਹੜੀ ਵਾਲਿਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਸਚਦੇਵਾ ਨੇ ਕਿਹਾ ਕਿ ਉਨਾਂ ਇਸ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਤੋਂ ਵੀ ਸਮਾਂ ਮੰਗਿਆ ਹੈ ਅਤੇ ਉਨਾਂ ਨੂੰ ਆਸ ਹੈ ਕਿ ਉਹ ਜਲਦੀ ਹੀ ਮੁਖਮੰਤਰੀ ਮਾਨ ਨੂੰ ਮਿਲਣਗੇ ਅਤੇ ਉਹ ਇਹ ਮਾਮਲਾ ਉਨਾਂ ਕੋਲ ਉਠਾਉਣਗੇ ਅਤੇ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।