(ਗੁਰਵਿੰਦਰ ਸਿੰਘ ਮੋਹਾਲੀ) ਚੰਡੀਗੜ। ਸਿਹਤ ਸੰਭਾਲ ਪ੍ਰਣਾਲੀ ਵਿੱਚ ਮਹੱਤਵਪੂਰਨ ਸੁਧਾਰ ਕਰਨ ਅਤੇ ਸੂਬੇ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ “ਮੁਹੱਲਾ ਕਲੀਨਿਕ“ ਕਾਰਜਸ਼ੀਲ ਕਰੇਗੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਭਰ ਵਿੱਚ ਬਣਾਏ ਇਹ ਕਲੀਨਿਕ ਲੋਕਾਂ ਨੂੰ ਉਨਾਂ ਦੇ ਘਰ ਤੱਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁੱਢਲੀ ਸਿਹਤ ਸੰਭਾਲ ਨੂੰ ਮਜਬੂਤ ਕਰਨ ਵਿੱਚ ਸਹਾਈ ਹੋਣਗੇ, ਜਿਸ ਨਾਲ ਸਿਹਤ ਸੇਵਾਵਾਂ ਦੀ ਹਰੇਕ ਵਰਗ ਤੱਕ ਪਹੁੰਚ, ਖਰਚਿਆਂ ਨੂੰ ਘਟਾਉਣ, ਰੋਗਾਂ ਦੀ ਪਛਾਣ ਵਿੱਚ ਸੁਧਾਰ ਕਰਨ ਅਤੇ ਕਮਜੋਰ ਤੇ ਘੱਟ ਗਿਣਤੀ ਵਰਗਾਂ ਲਈ ਰੈਫਰਲ ਲਿੰਕੇਜ ਨੂੰ ਮਜਬੂਤ ਕਰਨ ਵਿੱਚ ਸਹਾਇਤਾ ਮਿਲੇਗੀ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਪਹਿਲੇ ਪੜਾਅ ਦੌਰਾਨ 75ਵੇਂ ਸੁਤੰਤਰਤਾ ਦਿਵਸ ਮੌਕੇ 15 ਅਗਸਤ, 2022 ਤੱਕ ਸੂਬੇ ਭਰ ਵਿੱਚ 75 ਮੁਹੱਲਾ ਕਲੀਨਿਕ ਕਾਰਜਸ਼ੀਲ ਕਰ ਦਿੱਤੇ ਜਾਣਗੇ। ਇਸ ਵਿੱਤੀ ਸਾਲ ਦੇ ਅੰਤ ਤੱਕ 109 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ।
ਮੰਤਰੀ ਨੇ ਅੱਗੇ ਦੱਸਿਆ ਕਿ ਹਰ ਮੁਹੱਲਾ ਕਲੀਨਿਕ ਵਿੱਚ ਇੱਕ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ ਹੋਵੇਗਾ। ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੇ ਆਧਾਰ ‘ਤੇ ਸਟਾਫ ਨੂੰ ਸੂਚੀਬੱਧ ਕੀਤਾ ਜਾਵੇਗਾ। ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਮਾਮੂਲੀ ਜਖਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜਾਂ ਨੂੰ ਦੇਖਭਾਲ ਪ੍ਰਦਾਨ ਕਰਨਗੇ। ਇਹਨਾਂ ਕਲੀਨਿਕਾਂ ਰਾਹੀਂ ਵਿਸੇਸ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਿਹਤ ਸਬੰਧੀ ਸਿੱਖਿਆ, ਜਾਣਕਾਰੀ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ ‘ਤੇ ਵੀ ਧਿਆਨ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਜਰੂਰੀ ਦਵਾਈਆਂ ਅਤੇ ਟੈਸਟ ਮੁਹੱਲਾ ਕਲੀਨਿਕਾਂ ਵਿੱਚ ਉਪਲਬਧ ਕਰਵਾਏ ਜਾਣਗੇ। ਮੁਹੱਲਾ ਕਲੀਨਿਕਾਂ ਵਿੱਚ ਜਾਂਚ ਦੀਆਂ ਸਹੂਲਤਾਂ ਪੀਪੀਪੀ ਮੋਡ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹਨਾਂ ਕਲੀਨਿਕਾਂ ਵਿੱਚ ਘੱਟ ਲਾਗਤ ਅਤੇ ਇਕਸਾਰਤਾ ਨਾਲ ਡਾਇਗਨੌਸਟਿਕ ਟੈਸਟਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮੁਹੱਲਾ ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟ੍ਰੇਸਨ ਅਤੇ ਰਿਕਾਰਡ ਰੱਖਣ ਲਈ ਇੱਕ ਆਈ.ਟੀ. ਪ੍ਰਣਾਲੀ ਨੂੰ ਵੀ ਵਿਕਸਤ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਸੂਚੀਬੱਧ ਪ੍ਰਕਿਰਿਆ ਸੁਰੂ ਕੀਤੀ ਜਾ ਚੁੱਕੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਸਿਹਤ ਮਾਹਿਰਾਂ ਨਾਲ ਟੈਲੀਕੰਸਲਟੇਸ਼ਨ ਸੇਵਾਵਾਂ ਵੀ ਪੜਾਅਵਾਰ ਸੁਰੂ ਕੀਤੀਆਂ ਜਾਣਗੀਆਂ।