
(ਪ੍ਰੇਮ ਗਰਗ) ਸ੍ਰੀ ਮੁਕਤਸਰ ਸਾਹਿਬ। ਪੰਜਾਬ ਦੇ ਲੋਕਾਂ ਅਤੇ ਖਾਸਕਰ ਨੌਜਵਾਨ ਵਰਗ ਲਈ ਅੱਜ ਬੁੱਧੀ ਜੀਵੀ ਵਰਗ ਅਤੇ ਸਮਾਜ ਪ੍ਰਤੀ ਸੰਜੀਦਾ ਸੋਚ ਰੱਖਣ ਵਾਲੇ ਲੋਕ ਇਸ ਗੱਲੋ ਚਿੰਤਤ ਹਨ ਕਿ ਇਸ ਸੂਬੇ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਅਤਿ ਜਰੂਰੀ ਹੈ ਕਿਉਕਿ ਨਰੋਏ ਸਮਾਜ ਦੀ ਸਿਰਜਨਾ ਲਈ ਇੱਕ ਤੰਦਰੁਸਤ ਮਨੁੱਖੀ ਸਰੀਰ ਦਾ ਹੋਣਾ ਸਮੇਂ ਦੀ ਲੋੜ ਹੈ। ਪਰ ਇੱਕ ਤੰਦਰੁਸਤ ਮਨੁੱਖੀ ਸਰੀਰ ਲਈ ਸ਼ੁਧ ਵਾਤਾਵਰਨ ਦਾ ਹੋਣਾ ਇਸ ਤੋਂ ਵੀ ਵੱਧ ਜਰੂਰੀ ਹੈ ਅਤੇ ਸ਼ੁਧ ਅਤੇ ਪ੍ਰਦੂਸ਼ਨ ਰਹਿਤ ਵਾਤਾਵਰਣ ਨੂੰ ਬਣਾਏ ਰੱਖਣ ਲਈ ਵੱਧ ਤੋਂ ਵੱਧ ਦਰਖਤਾਂ ਨੂੰ ਲਾਉਣਾ ਅਤੇ ਉਨਾਂ ਦੀ ਦੇਖ ਰੇਖ ਕਰਨਾ ਅੱਜ ਦੇ ਸਮੇਂ ਦੀ ਇੱਕ ਜਰੂਰਤ ਬਣ ਗਈ ਹੈ। ਇਨਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁੱਖੀ ਸ੍ਰੀ ਸੰਦੀਪ ਮਲਿਕ ਆਈ.ਪੀ.ਐਸ ਵੱਲੋਂ ਸਥਾਨਕ ਪੁਲਿਸ ਲਾਈਨ ਅਤੇ ਜਿਲਾ ਪੁਲਿਸ ਦਫਤਰ ਦੇ ਅਹਾਤੇ ਅੰਦਰ ਆਪਣੇ ਹੱਥੀ ਲਗਾਏ ਜਾ ਰਹੇ ਛਾਂ ਦਾਰ ਅਤੇ ਫਲਦਾਰ ਦਰਖਤਾਂ ਦੇ ਮੌਕੇ ਕੁਝ ਚੋਣਵੇਂ ਪੱਤਰਕਾਰਾ ਨਾਲ ਗਲ ਬਾਤ ਦੌਰਾਨ ਕੀਤਾ। ਇੱਥੇ ਇਹ ਜਿਕਰਯੋਗ ਹੈ ਕਿ ਜਦੋਂ ਤੋਂ ਜਿਲਾ ਪੁਲਿਸ ਮੁੱਖੀ ਵੱਲੋਂ ਆਪਣਾ ਕਾਰਜ਼ਭਾਗ ਸੰਭਾਲਿਆ ਗਿਆ ਹੈ ਉਸ ਦਿਨ ਤੋਂ ਹੀ ਉਨਾ ਦੀ ਸੋਚ ਹੈ ਕਿ ਇਸ ਜਿਲੇ ਵਿੱਚ ਪਬਲਿਕ ਅਤੇ ਪੁਲਿਸ ਲਈ ਕੋਈ ਵਧੀਆ ਉਪਰਾਲਾ ਕੀਤਾ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਟ੍ਰੈਫਿਕ ਵਿਵਸਥਾ ਪਹਿਲਾਂ ਨਾਲੋਂ ਕਾਫੀ ਬਿਹਤਰ ਹੋਈ ਹੈ। ਵਿਧਾਨ ਸਭਾ ਚੋਣਾਂ ਦਾ ਅਮਲ ਨਿਰਵਿਘਨ ਸੰਪਨ ਹੋਇਆ ਹੈ। ਜਿਲਾ ਪੁਲਿਸ ਦਫਤਰ ਵਿਖੇ ਪੁਲਿਸ ਕਰਮਚਾਰੀਆ ਅਤੇ ਬਾਹਰੋ ਆਉਣ ਵਾਲੇ ਆਮ ਪਬਲਿਕ ਦੇ ਖਾਣੇ ਲਈ ਜਿੱਥੇ ਇੱਕ ਮੈਸ ਦੀ ਉਸਾਰੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ ਅਤੇ ਉਸ ਦੇ ਨਾਲ ਹੀ ਪੁਲਿਸ ਕ੍ਰਮਚਾਰੀਆ ਅਤੇ ਅਧਿਕਾਰੀਆ ਲਈ ਸ਼ੁਰੂ ਕੀਤੀ ਗਈ ਕੰਟੀਨ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪੁਲਿਸ ਕ੍ਰਮਚਾਰੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਲਈ ਇੰਨਡੋਰ ਅਤੇ ਆਉਟਡੋਰ ਜਿੰਮ ਕਾਰਜ਼ਸ਼ੀਲ ਹਨ। ਇਸੇ ਅਗਾਂਹਵਧੂ ਸੋਚ ਨੂੰ ਅੱਗੇ ਤੋਰਦਿਆਂ ਅੱਜ ਜਿਲਾ ਪੁਲਿਸ ਮੁੱਖੀ ਦੀ ਅਗਵਾਈ ਵਿੱਚ ਸੀਨੀਅਰ ਪੁਲਿਸ ਅਫਸਰਾਂ ਦੀ ਟੀਮ ਜਿਸ ਵਿੱਚ ਸ੍ਰੀ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ (ਸਥਾਨਕ), ਸ੍ਰੀ ਮੋਹਨ ਲਾਲ ਕਪਤਾਨ ਪੁਲਿਸ (ਡੀ), ਸ੍ਰੀ ਅਮਰਜੀਤ ਸਿੰਘ ਉੱਪ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਮੋਹਨ ਲਾਲ ਆਰ.ਆਈ ਪੁਲਿਸ ਲਾਈਨ, ਐਸਆਈ ਜਗਸੀਰ ਸਿੰਘ ਪੀ.ਆਰ.ਓ ਪੁਲਿਸ ਵਿਭਾਗ ਸ਼ਾਮਿਲ ਸਨ, ਵੱਲੋਂ ਪੁਲਿਸ ਲਾਈਨ ਅਤੇ ਜਿਲਾ ਪੁਲਿਸ ਦਫਤਰ ਦੇ ਅਹਾਤੇ ਅੰਦਰ ਭਾਰੀ ਗਿਣਤੀ ਵਿੱਚ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਗਏ। ਇਸ ਮੌਕੇ ਕੁਝ ਚੋਣਵੇਂ ਪੱਤਰਕਾਰਾਂ ਤੋਂ ਇਲਾਵਾ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁੰਨ ਵੀ ਹਾਜ਼ਰ ਸਨ। ਮੀਡੀਆ ਨੂੰ ਇਹ ਜਾਣਕਾਰੀ ਵਿਭਾਗ ਦੇ ਲੋਕ ਸਪੰਰਕ ਅਫਸਰ ਵੱਲੋਂ ਮੁਹੱਈਆ ਕਰਵਾਈ ਗਈ।