
ਕਿਹਾ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਦਿੱਤੀਆਂ ਗਈਆਂ ਤਨਖਾਹਾਂ
ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਹਿਰਾਣਾ ਕਲਾਂ ਵਿਖੇ ਸਥਾਪਿਤ ਇਨਫੋਟੈਕ ਹੈਲਥ ਕੇਅਰ ਫੈਕਟਰੀ ਦੇ ਕਾਮਿਆਂ ਵੱਲੋਂ ਫੈਕਟਰੀ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਫੈਕਟਰੀ ਮਾਲਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਗੁਰਬਖ਼ਸ਼ ਕੌਰ ਤੇ ਮਨਜੀਤ ਕੌਰ ਦੀ ਦੇਖ-ਰੇਖ ਹੇਠ ਅੱਜ 100 ਦੇ ਕਰੀਬ ਕਾਮਿਆਂ ਨੇ ਫੈਕਟਰੀ ਦੇ ਮਾਲਕਾਂ ਅਤੇ ਮੈਨੇਜਿੰਗ ਡਾਇਰੈਕਟਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੀਆਂ ਕਿਹਾ ਕਿ ਫੈਕਟਰੀ ਵਿਚ ਕੰਮ ਠੱਪ ਹੋਣ ਕਾਰਨ ਬੇਰੁਜ਼ਗਾਰ ਹੋਏ ਕਾਮਿਆਂ ਨੂੰ ਆਰਥਿਕ ਤੌਰ ਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਫੈਕਟਰੀ ਵੱਲੋਂ ਮਿਹਨਤਾਨੇ ਵਜੋਂ ਮਿਲੇ ਪੈਸਿਆਂ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਪਰੰਤੂ ਫੈਕਟਰੀ ਬੰਦ ਹੋਣ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਛੇ ਮਹੀਨੇ ਦੀਆਂ ਤਨਖਾਹਾਂ ਵੀ ਰੁਕੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਆਪ ਪਾਰਟੀ ਦੇ ਇਲਾਕੇ ਦੇ ਕਿਸੇ ਵਿਧਾਇਕ ਨੂੰ ਭੇਜ ਕੇ ਫੈਕਟਰੀ ਮਾਲਕਾਂ ਨਾਲ ਵਾਰਤਾ ਕਰਕੇ ਮੁੜ ਤੋਂ ਫੈਕਟਰੀ ਚਾਲੂ ਕਰਵਾਉਣ।
ਪ੍ਰਦਰਸ਼ਨਕਾਰੀਆਂ ਨੇ ਭਗਵੰਤ ਮਾਨ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਫੈਕਟਰੀ ਚਾਲੂ ਨਹੀਂ ਕਰਵਾ ਸਕਦੇ ਤਾਂ ਉਹ ਵਰਕਰਾਂ ਨੂੰ ਕੋਈ ਨਾ ਕੋਈ ਹੋਰ ਰੋਜ਼ਗਾਰ ਜ਼ਰੂਰ ਮੁਹੱਈਆ ਕਰਵਾਉਣ। ਇਸ ਮੌਕੇ ਰੋਸ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਕੁਲਦੀਪ ਕੌਰ, ਕੁਲਵਿੰਦਰ ਕੌਰ, ਸੁਨੀਤਾ ਦੇਵੀ, ਜਸਬੀਰ ਕੌਰ, ਕਸ਼ਮੀਰ ਸਿੰਘ, ਹੈਪਾ, ਹਰਵਿੰਦਰ ਸਿੰਘ, ਸੋਨੂੰ ਫਦਮਾ, ਗੁਰਦੀਪ ਸਿੰਘ, ਬਹਾਦਰ ਸਿੰਘ, ਤੇਗ ਸਿੰਘ, ਧਰਮਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਕਾਮਿਆਂ ਸਮੇਤ ਸਤਪਾਲ ਸਿੰਘ, ਜਸਵਿੰਦਰ ਸਿੰਘ ਪਾਲਾ, ਰਾਕੇਸ਼ ਕੁਮਾਰ, ਰਿਤੇਸ਼ ਕੁਮਾਰ ਆਦਿ ਸਟਾਫ ਮੈਂਬਰ ਵੀ ਮੌਜੂਦ ਸਨ।