(ਸ਼ਿਵ ਕੋੜਾ/ਚੈਕ ਪੋਸਟ) ਫਗਵਾੜਾ। ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ਵਲੋਂ ਆਪਣੇ ਨਵੇਂ ਗੀਤ ਵਿਚ ਪੰਜਾਬੀਆਂ ‘ਗੱਦਾਰ’ ਸ਼ਬਦ ਵਰਤੇ ਜਾਣ ਦੀ ਸਖ਼ਤ ਨਖੇਦੀ ਕਰਦਿਆਂ ਅੱਜ ਇੱਥੇ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਜਿਲਾ ਜਨਰਲ ਸਕੱਤਰ ਨਿਰਮਲ ਸਿੰਘ, ਜਿਲਾ ਕੈਸ਼ੀਅਰ ਹਰਜਿੰਦਰ ਸਿਘ ਵਿਰਕ, ਜਿਲਾ ਸਹਿ ਸਕੱਤਰ ਡਾ. ਜਤਿੰਦਰ ਪਰਹਾਰ ਅਤੇ ਐਸ.ਸੀ. ਸੈਲ ਜਿਲਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਹੋਈ ਕਰਾਰੀ ਹਾਰ ਨਾਲ ਹੋਰ ਕਈ ਕਾਂਗਰਸੀ ਆਗੂਆਂ ਦੀ ਤਰਾਂ ਦੀ ਸਿੱਧੂ ਮੂਸੇਵਾਲਾ ਨੇ ਵੀ ਆਪਣਾ ਮਾਨਸਿਕ ਸੰਤੁਲਨ ਗੁਆ ਲਿਆ ਜਾਪਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਨਾਲ ਗੱਦਾਰੀਆਂ ਕਾਂਗਰਸ ਅਤੇ ਹੋਰ ਰਵਾਇਤੀ ਪਾਰਟੀਆਂ ਨੇ ਕੀਤੀਆਂ ਹਨ ਜਿਸਦੀ ਸਜਾ ਪੰਜਾਬ ਦੇ ਖੁੱਦਾਰ ਲੋਕਾਂ ਨੇ ਇਸ ਵਾਰ ਸਾਰੀਆਂ ਹੀ ਪਾਰਟੀਆਂ ਨੂੰ ਕਰਾਰੀ ਮਾਤ ਦੇ ਕੇ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬੀਆਂ ਦੇ ਸੁਭਾਅ ਵਿਚ ਅਣਖ ਅਤੇ ਲਹੂ ਵਿਚ ਖੁੱਦਾਰੀ ਹੁਲਾਰੇ ਮਾਰਦੀ ਹੈ। ਪੰਜਾਬੀਆਂ ਨੂੰ ਗੱਦਾਰ ਦੱਸ ਕੇ ਸਿੱਧੂ ਮੂਸੇਵਾਲਾ ਨੇ ਹਰੇਕ ਪੰਜਾਬੀ ਦਾ ਅਪਮਾਨ ਕੀਤਾ ਹੈ ਜਿਸ ਲਈ ਉਸਨੂੰ ਮੁਆਫੀ ਮੰਗਣੀ ਚਾਹੀਦੀ ਹੈ। ਆਪ ਆਗੂਆਂ ਨੇ ਕਾਂਗਰਸ ਪਾਰਟੀ ਦੀ ਕੇਂਦਰੀ ਤੇ ਸੂਬਾ ਲੀਡਰਸ਼ਿਪ ਤੋਂ ਵੀ ਇਸ ਗੱਲ ਦਾ ਸਪਸ਼ਟੀਕਰਣ ਮੰਗਿਆ ਕਿ ਜੋ ਗੱਲ ਸਿੱਧੂ ਮੂਸੇਵਾਲਾ ਨੇ ਪੰਜਾਬੀਆਂ ਬਾਰੇ ਕਹੀ ਹੈ ਉਸ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਵੀ ਸਹਿਮਤ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਿੱਧੂ ਮੂਸੇਵਾਲਾ ਦੇ ਵਿਚਾਰ ਨਾਲ ਇੱਤਫਾਕ ਨਹੀਂ ਰੱਖਦੀ ਤਾਂ ਫਿਰ ਪੰਜਾਬੀਆਂ ਨੂੰ ਗੱਦਾਰ ਦੱਸਣ ਵਾਲੇ ਸਿੱਧੂ ਮੂਸੇਵਾਲਾ ਦੇ ਖਿਲਾਫ ਪਾਰਟੀ ਪੱਧਰ ਤੇ ਸਖ਼ਤ ਐਕਸ਼ਨ ਲਿਆ ਜਾਵੇ।