ਭਾਈ ਗਰੇਵਾਲ ਵੱਲੋਂ ਬੱਚਿਆਂ ਦਾ ਸਨਮਾਨ, ਸੰਗਤ ਨੇ ਉਪਰਾਲੇ ਦੀ ਕੀਤੀ ਸ਼ਲਾਘਾ

(ਕੌਸ਼ਲ ਮੱਲ੍ਹਾ ) ਹਠੂਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਧਾਰਮਿਕ ਫਰਜ਼ਾਂ ਦੀ ਅਦਾਇਗੀ ਕਰਦਿਆਂ ਸੰਗਤ ਨੂੰ ਗੁਰਮਤਿ ਸਿਧਾਂਤਾਂ, ਬਾਣੀ ਅਤੇ ਬਾਣੇ ਨਾਲ ਜੋੜਨ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਵਲੰਟੀਅਰਾਂ ਵੱਲੋਂ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਹਲਕਾ ਜਗਰਾਉਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਪਿੰਡ ਮਾਣੂੰਕੇ, ਢੋਲਣ, ਟੂਸਾ, ਦੇਹੜਕਾ ਆਦਿ ਤੋਂ ਬਾਅਦ ਪੰਜਵਾਂ ਗੁਰਮਤਿ ਕੈਂਪ ਪਿੰਡ ਭੂੰਮੀਪੁਰਾ ਵਿਖੇ ਲਗਾਇਆ ਗਿਆ, ਜਿਸ ਦੀ ਸਮਾਪਤੀ ਮੌਕੇ ਵੱਡੀ ਗਿਣਤੀ ਵਿੱਚ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੈਂਪ ਦੇ ਸਫਲ ਆਯੋਜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਧਾਰਮਿਕ ਫਰਜ਼ਾਂ ਦੀ ਪੂਰਤੀ ਕਰਦਿਆਂ ਹਰ ਘਰ ਦਾ ਬੂਹਾ ਖੜਕਾ ਕੇ ਵਿਸ਼ੇਸ਼ ਕਰਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੇ ਸਿਧਾਂਤਾਂ, ਬਾਣੀ ਅਤੇ ਬਾਣੇ ਨਾਲ ਜੋੜਨ ਲਈ ਯਤਨਸ਼ੀਲ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਲੰਟੀਅਰ ਸੁਖਪ੍ਰੀਤ ਸਿੰਘ, ਮੁੱਖ ਪ੍ਰਚਾਰਕ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਇਲਾਕੇ ਦੀ ਸੰਗਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਭਾਈ ਗਰੇਵਾਲ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਹੋਰ ਮੋਹਤਵਾਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਗੁਰਮਤਿ ਕੈਂਪ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਇਸ ਮੌਕੇ ਭਾਈ ਗਰੇਵਾਲ ਨੇ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਜਗਰਾਉਂ ਦੇ ਵੱਖ-ਵੱਖ ਨਗਰਾਂ ਵਿੱਚ ਅਜਿਹੇ ਗੁਰਮਤਿ ਕੈਂਪ ਲਗਾਤਾਰ ਜਾਰੀ ਰੱਖੇ ਜਾਣਗੇ ਅਤੇ ਪਿੰਡਾਂ ਦੀ ਮੰਗ ਅਨੁਸਾਰ ਵੱਡੇ ਪੱਧਰ ’ਤੇ ਕੈਂਪ ਵੀ ਆਯੋਜਿਤ ਕੀਤੇ ਜਾਣਗੇ।ਉਨ੍ਹਾਂ ਸੰਗਤ ਨੂੰ 30 ਸਤੰਬਰ ਨੂੰ ਹੋਣ ਵਾਲੇ ਅੰਮ੍ਰਿਤ ਸੰਚਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੰਗਤ ਵਿੱਚੋਂ ਕਈ ਪ੍ਰਾਣੀਆਂ ਵੱਲੋਂ ਅੰਮ੍ਰਿਤ ਛਕਣ ਦੀ ਇੱਛਾ ਪ੍ਰਗਟ ਕੀਤੀ ਗਈ, ਜਿਸ ਦਾ ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ।ਇਸ ਮੌਕੇ ਗ੍ਰੰਥੀ ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਈ ਗੋਪਾਲ ਸਿੰਘ, ਨੰਬਰਦਾਰ ਬੂਟਾ ਸਿੰਘ ਭੰਮੀਪੂਰਾ ,ਗੁਰਿੰਦਰਜੀਤ ਸਿੰਘ ਰੂੰਮੀ,ਭਾਈ ਗੁਰਦੀਪ ਸਿੰਘ ਖਾਲਸਾ, ਭਾਈ ਬਲਵਿੰਦਰ ਸਿੰਘ ਅਰਤੀ, ਭਾਈ ਬਲਦੇਵ ਸਿੰਘ, ਮਾਸਟਰ ਸੰਦੀਪ ਸਿੰਘ, ਮੋਹਣਜੀਤ ਸਿੰਘ ਛੋਟਾ ਭੰਮੀਪੁਰਾ, ਭਾਈ ਗੁਰਮੇਲ ਸਿੰਘ ਆਦਿ ਹਾਜਰ ਸਨ।