ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਦੀ ਪ੍ਰੇਰਨਾ ਨੂੰ ਦੇਸ਼ ਦੇ ਕੋਨੇ-ਕੋਨੇ ਪਹੁੰਚਾਇਆ : ਪ੍ਰੋ: ਸਰਚਾਂਦ ਸਿੰਘ, ਹਰਦਿਆਲ ਸਿੰਘ ਔਲਖ

Share and Enjoy !

Shares


ਵੀਰ ਬਾਲ ਦਿਵਸ ਦੇ ਆਲੋਚਕਾਂ ਨੂੰ ਲਿਆ ਆੜੇ ਹੱਥੀ, ਕਿਹਾ ਬੇਲੋੜਾ ਵਿਵਾਦ ਖੜ੍ਹਾ ਕਰਨਾ ਮੰਦਭਾਗਾ ।  
ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਪ੍ਰੋਗਰਾਮ ਨੂੰ ਵੱਡੇ ਪੱਧਰ ’ਤੇ ਮਨਾਉਂਦਿਆਂ ਸਿੱਖ ਪਰੰਪਰਾ ਅਤੇ ਯੋਗਦਾਨ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਦ੍ਰਿਸ਼ਟੀਗੋਚਰ ਕਰਨ ਲਈ ਵਧਾਈ ਦੇ ਪਾਤਰ ਹਨ।
ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਮੀਟਿੰਗ ਉਪਰੰਤ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਪੰਥ ਦੀਆਂ ਵੱਡੀਆਂ ਘਾਲਣਾਵਾਂ ਅਤੇ ਸ਼ਹਾਦਤਾਂ ਦੇ ਗੌਰਵਮਈ ਇਤਿਹਾਸ ਨੂੰ ਜਾਣੂ ਕਰਾਉਣ ਪ੍ਰਤੀ ਮੋਦੀ ਹਕੂਮਤ ਤੋਂ ਪਹਿਲਾਂ ਕਿਸੇ ਨੇ ਵੀ ਅਜਿਹੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤਾਂ ਧਰਮ ਦੇ ਅਸੂਲਾਂ ’ਤੇ ਖੜੇ ਰਹਿਣ ਲਈ ਸਦੀਵੀ ਪ੍ਰੇਰਨਾ ਸਰੋਤ ਹਨ। ਪ੍ਰਧਾਨ ਮੰਤਰੀ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਸਿੱਖੀ ਬੋਲ ਬਾਲੇ ਨੂੰ ਵੱਡੀ ਪਛਾਣ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਿੱਖ ਸਮਾਜ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ, ਕਿ ਹੁਣ ਸਰਕਾਰ ਵੱਲੋਂ ਸਰਕਾਰੀ ਪੱਧਰ ‘ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਸਕੂਲਾਂ ਵਿਚ ਵੱਖ-ਵੱਖ ਢੰਗ-ਤਰੀਕਿਆਂ ਨਾਲ ਹਰ ਸਾਲ ਮਨਾਉਂਦਿਆਂ ਦੇਸ਼ ਦੇ ਕੋਨੇ-ਕੋਨੇ ਵਿਚ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸੰਬੰਧੀ ਜਾਣੂ ਕਰਵਾਇਆ ਜਾਵੇਗਾ। ਪ੍ਰੋ: ਸਰਚਾਂਦ ਸਿੰਘ ਨੇ ’ਵੀਰ ਬਾਲ ਦਿਵਸ’ ’ਤੇ ਕਿੰਤੂ ਕਰਨ ਵਾਲਿਆਂ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਸੌੜੀ ਰਾਜਨੀਤੀ ਮੰਦਭਾਗੀ ਹੈ। ਸਰਕਾਰੀ ਪ੍ਰੋਗਰਾਮ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਵੀ ਉਸ ਨੂੰ ਅਖੋਂ ਪਰੋਖੇ ਕਰਦਿਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ ਉਸ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ। ਨਾ ਕਿ ਉਸ ਬਾਰੇ ਨੁਕਤਾਚੀਨ ਕਰਦਿਆਂ ਨਾਸ਼ੁਕਰਾ ਹੋਇਆ ਜਾਣਾ ਚਾਹੀਦਾ। ਉਨ੍ਹਾਂ ਇਤਰਾਜ਼ ਕਰਨ ਵਾਲਿਆਂ ਨੂੰ ਅੰਤਰ ਝਾਤ ਮਾਰਨ ਦੀ ਲੋੜ ’ਤੇ ਜੋ ਦਿੰਦਿਆਂ ਕਿਹਾ ਕਿ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ 27 ਦਸੰਬਰ 2017 ਅਤੇ ਫਿਰ 2018 ਦੌਰਾਨ ਦਿਲੀ ਵਿਖੇ ਦਿਲੀ ਗੁਰਦੁਆਰਾ ਕਮੇਟੀ ਦੇ ਸਮਾਗਮ ਦੌਰਾਨ ਬਾਲ ਦਿਵਸ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਨ ਦੀ ਅਕਾਲੀਆਂ ਨੇ ਹੀ ਮੰਗ ਉਠਾਈ ਸੀ। ਉਨ੍ਹਾਂ ਕਿਹਾ ਕਿ ਜੇ ਬਾਲ ਸ਼ਬਦ ਨਾਲ ਸਾਹਿਬਜ਼ਾਦਿਆਂ ਦੇ ਮਾਣ ਸਤਿਕਾਰ ’ਚ ਫ਼ਰਕ ਪੈਦਾ ਹੈ ਤਾਂ ਫਿਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅੱਜ ਵੀ ਸਾਡੇ ਲਈ ’ਬਾਲਾ ਪ੍ਰੀਤਮ’ ਹਨ। ਦਿਲੀ ’ਚ ਗੁਰੂ ਸਾਹਿਬ ਦੀ ਯਾਦ ’ਚ ਗੁ: ਬਾਲਾ ਪ੍ਰੀਤਮ ਸਾਹਿਬ ਜੀ, ਨਨਕਾਣਾ ਸਾਹਿਬ ’ਚ ਗੁਰਦੁਆਰਾ ਬਾਲ ਲੀਲਾ ਅਤੇ ਪਟਨਾ ਸਾਹਿਬ ਜੀ ਵੀ ਗੁ: ਬਾਲ ਲੀਲ ਸਾਹਿਬ ਦੀ ਮੌਜੂਦਗੀ ਨੂੰ ਕੀ ਕਹੋਗੇ? ਸ੍ਰੀ ਦਸਮੇਸ਼ ਪਿਤਾ ਦੀ ਬਾਲ ਅਵਸਥਾ ਨੂੰ ਚਿਤਰਨ ਸਮੇਂ ਬਾਲਾ ਪ੍ਰੀਤਮ ਅਤੇ ਬਾਲ ਗੋਬਿੰਦ ਰਾਏ ਲਿਖਿਆ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਪ੍ਰਤੀ ਇਤਿਹਾਸਕ ਪ੍ਰਮਾਣ ਦੀ ਗਲ ਕਰੀਏ ਤਾਂ ’ਕਥਾ ਗੁਰੂ ਕੇ ਸੁਤਨ ਕੀ’ ਵਿਚ ਭਾਈ ਦਨਾ ਸਿੰਘ ਦਾ ਲਿਖਤ ਪ੍ਰਮਾਣ ਮੌਜੂਦ ਹੈ ਕਿ ’’ਬਾਲ ਬੁਲਾਇ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ’’ ਇੱਥੇ ਵੀ ਤਾਂ ਸਾਹਿਬਜ਼ਾਦਿਆਂ ਲਈ ’ਬਾਲ’ ਸ਼ਬਦ ਦਾ ਹੀ ਪ੍ਰਯੋਗ ਹੋਇਆ । ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਬਿਰਤਾਂਤ ਸਿਰਜਣ ਸਮੇਂ ਸਿੱਧਾਂ ਜੋਗੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਕਹਿ ਕੇ ਸੰਬੋਧਨ ਕਰਨ ’’ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ॥’’ਦੇ ਕਈ ਪ੍ਰਮਾਣ ਦਿੰਦੇ ਹਨ। ਜਨਮ ਸਾਖੀ ’ਚ ਵੀ ’ਸਿਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ।’ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਖ਼ੁਦ ਵੀ ਆਪਣੀ ਬਾਣੀ ’ਚ ਇਹ ਤਸਲੀਮ ਕਰਦੇ ਹਨ ਕਿ ਸਿੱਧ ਪੁਰਸ਼ ਆਪ ਜੀ ਨੂੰ ਬਾਲਾ ਕਹਿ ਕੇ ਸੰਬੋਧਿਤ ਹੁੰਦੇ ਸਨ। ਜਿਸ ਦੀ ਮਿਸਾਲ ਸਿਧ ਗੋਸ਼ਟੀ ’ਚ :’ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥’ ਅਤੇ ’ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥’ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਪ੍ਰਤੀ ਦਿਖਾਈ ਜਾ ਰਹੀ ਲਗਾਤਾਰ ਸੰਜੀਦਗੀ ਅਤੇ ਵਿਰੋਧ ਜਤਾਉਣ ਵਾਲਿਆਂ ਦੇ ਆਕਾਵਾਂ ਸਿੱਖ ਵਿਰੋਧੀ ਕਿਰਦਾਰ ਕਾਰਨ ਸਿੱਖ ਸੰਗਤ ਉਨ੍ਹਾਂ ਤੋਂ ਦਿਨੋਂ ਦਿਨ ਦੂਰ ਹੋ ਰਹੀ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦਾ ਸਨਮਾਨ ਚੁੱਭਦਾ ਹੈ, ਉਹ ਸਿੱਖ ਨਹੀਂ ਹੋ ਸਕਦੇ। ਉਨ੍ਹਾਂ ਦੀ ਸ਼ਹਾਦਤਾਂ ਦੀ ਮਹਾਨਤਾ ਨੂੰ ਸਮਝਣ ਅਤੇ ਸਿੱਜਦਾ ਕਰਨ ਵਾਲਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਕਿਹਾ। ਸਿੱਖੀ ਆਦਰਸ਼ਾਂ ‘ਤੇ ਪਹਿਰਾ ਦੇਣ ਅਤੇ ਸਿੱਖੀ ਦੀ ਖ਼ੁਸ਼ਬੂ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਫੈਲਾਉਣ ਦੇ ਉਪਰਾਲੇ ਕਰਨ ਦੀ ਲੋੜ ’ਤੇ ਜੋਰ ਦਿਤਾ। ਇਸ ਮੌਕੇ ਉਨ੍ਹਾਂ ਨਾਲ ਗਗਨਦੀਪ ਸਿੰਘ ਏ ਆਰ, ਸੁਰਜੀਤ ਸਿੰਘ ਬਾਲੀਆ, ਸੰਦੀਪ ਕੁਮਾਰ ਸਰਪਾਲ, ਕੁਲਦੀਪ ਸਿੰਘ ਪ੍ਰਧਾਨ ਐਸ ਸੀ ਮੋਰਚਾ, ਕੁਲਦੀਪ ਸਿੰਘ ਚਵਿੰਡਾ, ਗੁਰਪਾਲ ਸਿੰਘ ਅਜਨਾਲਾ, ਬੀਬੀ ਜਗਦੀਸ਼ ਕੌਰ ਮਹਿਲਾ ਮੋਰਚਾ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.