ਹੁਸਿ਼ਆਰਪੁਰ (ਤਰਸੇਮ ਦੀਵਾਨਾ) : ਬੀਤੇ ਦਿਨੀਂ ਪਟਿਆਲੇ ਦੇ ਕਾਲੀ ਮਾਤਾ ਦੇ ਮੰਦਰ ਵਿੱਚੋਂ ਸਿੱਖਾਂ ਤੇ ਕੀਤੇ ਪੱਥਰਾਅ ਲਈ ਜਿ਼ੰਮੇਵਾਰ ਵਿਅਕਤੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਦੀਕੀ ਪਿੰਡ ਡਗਾਣਾ ਖੁਰਦ ਦੇ ਗੁਰਦੁਆਰਾ ਨਿਹਕਲੰਕ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਰਵਿੰਦਰ ਸਿੰਘ ਨੇ ਕਿਹਾ ਕਿ ਅਜਾਦੀ ਤੋਂ ਬਾਅਦ ਪੰਜਾਬ ਵਿੱਚ ਧਰਮ ਦੇ ਅਧਾਰ ਤੇ ਕਦੀ ਵੀ ਸੰਪ੍ਰਦਾਇਕ ਦੰਗੇ ਨਹੀਂ ਹੋਏ ਸੀ। ਪ੍ਰੰਤੂ ਕੁਝ ਫਿਰਕੂ ਤਾਕਤਾਂ ਪੰਜਾਬ ਦੀ ਅਮਨ-ਸ਼ਾਂਤੀ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ, ਇਸ ਲਈ ਸਾਰੇ ਹੀ ਧਰਮਾਂ ਦੇ ਲੋਕ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤਾਂ ਜੋ ਪੰਜਾਬ ਵਿੱਚ ਖੁਸ਼ਹਾਲੀ ਵਾਲਾ ਮਾਹੌਲ ਬਣਿਆ ਰਹੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਦੂਸਰੇ ਦੇ ਧਰਮ ਦੇ ਵਿਰੁੱਧ ਬੋਲਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ। ਕੁਝ ਫਿਰਕੂ ਤਾਕਤਾਂ ਭਾਰਤ ਨੂੰ ਇੱਕ ਖਾਸ ਧਰਮ ਵਾਲਾ ਦੇਸ ਬਣਾਉਣਾ ਚਾਹੁੰਦੀਆਂ ਹਨ, ਜੋ ਬਿਲਕੁਲ ਹੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਆਪਸ ਵਿੱਚ ਮਿਲ-ਜੁਲ ਕੇ ਰਹਿੰਦੇ ਹਨ। ਉਨ੍ਹਾਂ ਅਪੀਲ ਕੀਤੀ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਤਾ ਜੋ ਪੰਜਾਬ ਹੋਰ ਵਿਕਸਤ ਸੂਬਾ ਬਣ ਸਕੇ।