
ਅੰਮਿ੍ਰਤਸਰ। ਨੌਜਵਾਨ ਭਾਰਤ ਸਭਾ ਵੱਲੋਂ ਵਧਦੀ ਮਹਿੰਗਾਈ ਵਿਰੁੱਧ ਜਨਤਕ ਲਾਮਬੰਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਛਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਮਾਨਵ ਜੋਤ ਨੇ ਕਿਹਾ ਕਿ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਪਿੰਡਾਂ ਸ਼ਹਿਰਾਂ ਵਿੱਚ ਵਸਦੀ ਕਿਰਤੀ ਅਬਾਦੀ ਅਤੇ ਸਣੇ ਮੱਧਵਰਗੀ ਹਿੱਸਿਆ ਦਾ ਕਚੂੰਮਰ ਕੱਢ ਦਿੱਤਾ ਹੈ। ਨਿੱਤ ਦਿਨ ਵਰਤੋਂ ਦੀਆਂ ਜਰੂਰੀ ਵਸਤਾਂ ਦੀਆਂ ਕੀਮਤਾਂ ਹੱਦਾਂ-ਬੰਨੇ ਟੱਪ ਰਹੀਆਂ ਹਨ। ਇਸ ਬੇਰੋਕ ਵਧਦੀ ਮਹਿੰਗਾਈ ਦੇ ਵਿਰੋਧ ਵਿੱਚ ਜਨਤਕ ਲਾਮਬੰਦੀ ਦੀ ਮੁਹਿੰਮ ਵਿੱਢੀ ਗਈ ਹੈ। ਆਗੂਆਂ ਨੇ ਕਿਹਾ ਕਿ ਇਸ ਮੁਹਿੰਮ ਜਰੀਏ ਮਹਿੰਗਾਈ ਦੇ ਪੁੜਾਂ ਵਿਚਕਾਰ ਨਪੀੜੀ ਜਾ ਰਹੀ ਅਬਾਦੀ ਦੀ ਫੌਰੀ ਰਾਹਤ ਲਈ ਲੋਕਾਂ ਨੂੰ ਚੇਤੰਨ ਅਤੇ ਲਾਮਬੰਦ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਮੌਕੇ ਸੰਸਾਰ ਸਰਮਾਏਦਾਰਾ ਢਾਂਚੇ ਸਣੇ ਕੁੱਲ ਭਾਰਤ ਵਿੱਚ ਆਰਥਕ ਸੰਕਟ ਦੀ ਲਪੇਟ ਵਿੱਚ ਆਇਆ ਹੋਇਆ ਹੈ। ਅਜਿਹੀ ਹਾਲਤ ਵਿੱਚ ਕੇਂਦਰ ਅਤੇ ਸੂਬਿਆਂ ਉੱਤੇ ਕਾਬਜ ਸਰਕਾਰਾਂ ਆਵਦੇ ਘਾਟਿਆਂ ਨੂੰ ਪੂਰਨ ਲਈ ਅਤੇ ਸਰਮਾਏਦਾਰਾਂ ਤੋਂ ਸੰਕਟ ਦਾ ਬੋਝ ਲਾਉਣ ਲਈ ਸਾਰੇ ਦਾ ਸਾਰੇ ਭਾਰ ਆਮ ਲੋਕਾਂ ਸਿਰ ਲੱਦ ਰਹੀਆਂ ਹਨ। ਮਹਿੰਗਾਈ ਦੇ ਝੰਬੇ ਲੋਕਾਂ ਉੱਤੇ ਟੈਕਸਾਂ ਜਰੀਏ ਉਹਨਾਂ ਦੀਆਂ ਨਗੂਣੀਆਂ ਕਮਾਈਆਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਦੇਸ਼ ਦੇ ਸਰਮਾਏਦਾਰਾਂ ਦੀਆਂ ਝੋਲ਼ੀਆਂ ਭਰਨ ਵਿੱਚ ਸਰਕਾਰਾਂ ਲਗਾਤਾਰ ਰੁੱਝੀਆਂ ਹੋਈਆਂ ਹਨ, ਉਹਨਾਂ ਨੂੰ ਕਰਜਿਆਂ ਅਤੇ ਟੈਕਸਾਂ ਚੋਂ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤਰਾਂ ਸਰਕਾਰਾਂ ਲੋਕਾਈ ਪ੍ਰਤੀ ਆਵਦੀ ਜਿੰਮੇਵਾਰੀ ਤੋਂ ਮੁਨਕਰ ਹੋਕੇ ਸ਼ਰੇਆਮ ਧਨਾਢਾਂ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਮਹਿੰਗਾਈ ਵਿਰੋਧੀ ਮੁਹਿੰਮ ਦੌਰਾਨ ਪਿੰਡਾਂ-ਸ਼ਹਿਰਾਂ ਵਿੱਚ ਜਨਤਕ ਮੀਟਿੰਗਾਂ, ਮੁਜਾਹਰੇ, ਰੈਲੀਆਂ ਕੀਤੇ ਜਾ ਰਹੇ ਹਨ ਤੇ 29 ਜੁਲਾਈ ਨੂੰ ਸੂਬੇ ਵਿੱਚ ਅਲੱਗ ਅਲੱਗ ਜਿਲਾ ਕੇਂਦਰਾਂ ਉੱਤੇ ਜੋਰਦਾਰ ਮੁਜਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰਾਂ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ।