
ਜਲੰਧਰ (Check Post) : ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ‘ਤੇ 28 ਅਤੇ 29 ਮਾਰਚ ਨੂੰ ਦੇਸ਼ ਵਿਆਪੀ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਵਿੱਚ ਅੱਜ ਹੜਤਾਲ ਦੇ ਪਹਿਲੇ ਦਿਨ ਆਪਣੇ-ਆਪਣੇ ਅਦਾਰਿਆਂ ਵਿੱਚ ਹੜਤਾਲ ਕਰਨ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜ਼ਿਲ੍ਹਾ ਜਲੰਧਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਨਾਲ ਸੰਬੰਧਿਤ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਰੋਹ ਭਰਪੂਰ ਰੈਲੀ ਕੀਤੀ।ਰੈਲੀ ਦੀ ਅਗਵਾਈ ਜ਼ਿਲ੍ਹਾ ਜਲੰਧਰ ਦੀਆਂ ਵੱਖ- ਵੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਆਗੂਆਂ ਸੀ. ਟੀ. ਯੂ. ਦੇ ਆਗੂ ਰਾਮ ਕ੍ਰਿਸ਼ਨ,ਇੰਟਕ ਦੇ ਆਗੂ ਅਮਰੀਕ ਸਿੰਘ ਗਿੱਲ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਨਿਰਮੋਲਕ ਸਿੰਘ ਹੀਰਾ ਨੇ ਸਾਂਝੇ ਤੌਰ ਤੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਆਈ.ਟੀ.ਯੂ.ਦੇ ਜ਼ਿਲ੍ਹਾ ਸਕੱਤਰ ਕੇਵਲ ਸਿੰਘ ਹਜ਼ਾਰਾ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ,ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾਈ ਆਗੂ ਕ੍ਰਿਸ਼ਨਾ ਪੁਆਦੜਾ,ਵੀ.ਵੀ.ਐਂਨਥਨੀ,ਪੁਰਾਣੀ ਪੈਂਨਸ਼ਨ ਬਹਾਲ ਸੰਘਰਸ਼ ਕਮੇਟੀ ਵਲੋਂ ਕੁਲਦੀਪ ਵਾਲੀਆ ਦਿਲਬਾਗ ਸਿੰਘ, ਸੁਖਜੀਤ ਕੌਰ, ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ ਨੂੰ ਬੜਾਵਾ ਦੇਣ ਵਾਲੀਆਂ ਨੀਤੀਆਂ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ।ਮੋਦੀ ਸਰਕਾਰ ਵਲੋਂ 74 ਸਾਲਾਂ ਵਿੱਚ ਉਸਾਰੇ ਗਏ ਪਬਲਿਕ ਅਦਾਰਿਆਂ ਨੂੰ ਅੰਬਾਨੀਆਂ ਆਡਾਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਵੱਲ ਨੂੰ ਪੂਰੀ ਤੇਜ਼ੀ ਨਾ ਵਧਿਆ ਜਾ ਰਿਹਾ ਹੈ।ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ,ਹਰ ਪ੍ਰਕਾਰ ਦੇ ਕੱਚੇ ਕਾਮਿਆਂ ਨੂੰ ਪੂਰੇ-ਪੂਰੇ ਗਰੇਡਾਂ ਵਿੱਚ ਰੈਗੂਲਰ ਕੀਤਾ ਜਾਵੇ, ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਜਿੰਦਗੀ ਜਿਊਂਣਯੋਗ ਤਨਖਾਹ ਦਿੱਤੀ ਜਾਵੇ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਕੇ ਕੰਮ ਦੇ ਘੰਟੇ 12 ਤੋਂ ਘਟਾ ਕੇ 08 ਘੰਟੇ ਕੀਤੇ ਜਾਣ, ਹਰ ਵਿਭਾਗ ਵਿੱਚ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ,ਨਵੀਂ ਪੈਂਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕੀਤੀ ਜਾਵੇ,ਮਨਰੇਗਾ ਵਰਕਰਾਂ ਨੂੰ ਸਾਲ ਦੌਰਾਨ 250 ਦਿਨਾ ਦਾ ਕੰਮ ਅਤੇ 600/-ਰੁਪਏ ਦਿਹਾੜੀ ਦਿੱਤੀ ਜਾਵੇ, ਵਿਕਾਸ ਟੈਕਸ ਦੇ ਨਾਂ ਤੇ 200/-ਰੁਪਏ ਮਹੀਨਾ ਦੀ ਕੀਤੀ ਜਾਂਦੀ ਜ਼ਬਰੀ ਜਜੀਆ ਕਟੌਤੀ ਬੰਦ ਕੀਤੀ ਜਾਵੇ, ਪੈਂਨਸ਼ਨਰਾਂ ਨੂੰ ਮੁਲਾਜ਼ਮਾਂ ਵਾਂਗ 2.59ਦਾ ਗਣਾਂਕ ਦੇ ਕੇ ਪੈਨਸ਼ਨ ਰੀਵਾਈਜ਼ ਕੀਤੀ ਜਾਵੇ, ਅਧੂਰੇ 06ਵੇਂ ਪੇ ਕਮਿਸ਼ਨ ਦੀਆਂ ਸਿਪਾਰਸ਼ਾਂ ਨੂੰ ਸੋਧ ਕੇ ਲਾਗੂ ਅਤੇ ਬੰਦ ਕੀਤੇ ਭੱਤੇ ਬਹਾਲ ਕਰਵਾਉਣ, ਇਨਸਾਫ ਪਸੰਦ ਅਤੇ ਸੰਘਰਸ਼ ਸ਼ੀਲ ਲੋਕਾਂ ਨੂੰ ਦਬਾਉਣ ਲਈ ਬਣਾਏ ਐਸਮਾ ਵਰਗੇ ਕਾਲੇ ਕਾਨੂੰਨ ਰੱਦ ਕਰਵਾਉਣ,ਬੇਰੁਜ਼ਗਾਰਾਂ ਨੂੰ ਗੁਜਾਰੇ ਯੋਗ ਬੇਰੁਜ਼ਗਾਰੀ ਭੱਤਾ ਅਤੇ 60 ਸਾਲ ਤੋਂ ਉੱਪਰ ਹਰ ਨਾਗਰਿਕ ਨੂੰ ਗੁਜਾਰੇ ਯੋਗ ਬੁਢਾਪਾ ਪੈਂਨਸ਼ਨ ਦਿਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ| ਰੈਲੀ ਕਰਨ ਉਪਰੰਤ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਗਿਆ।ਮਾਰਚ ਦੇ ਅਖ਼ੀਰ ਵਿੱਚ ਬੁਲਾਰਿਆਂ ਨੇ ਦੱਸਿਆ ਕਿ ਕੌਮੀ ਹੜਤਾਲ ਦੇ ਦੂਜੇ ਦਿਨ ਮਜ਼ਦੂਰ ਅਤੇ ਮੁਲਾਜ਼ਮ ਆਪਣੇ-ਆਪਣੇ ਅਦਾਰਿਆਂ ਵਿੱਚ ਹੜਤਾਲ ਕਰਨ ਉਪਰੰਤ ਬਲਾਕ/ਤਹਿਸੀਲ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਸਮੇ ਹੋਰਨਾਂ ਤੋਂ ਇਲਾਵਾ ਸੀ. ਆਈ. ਟੀ.ਯੂ. ਏਟਕ ਦੇ ਰਾਜੇਸ਼ ਕੁਮਾਰ ਥਾਪਾ,ਸੀ. ਆਈ. ਟੀ.ਯੂ. ਦੇ ਵੀ.ਵੀ. ਐਂਥਨੀ, ਸੀ.ਟੀ.ਯੂ. ਦੇ ਚਤਰਪਾਲ ਸਿੰਘ, ਪ.ਸ.ਸ.ਫ. ਦੇ ਨਿਰਮੋਲਕ ਸਿੰਘ ਹੀਰਾ,ਕੁਲਦੀਪ ਸਿੰਘ ਕੌੜਾ,ਅਕਲਚੰਦ ਸਿੰਘ, ਪਰਨਾਮ ਸਿੰਘ ਸੈਣੀ, ਸੰਦੀਪ ਰਾਜੋਵਾਲ, ਜਗੀਰ ਸਿੰਘ, ਦੇਵ ਰਾਜ,ਮਸਤ ਰਾਮ, ਓਮ ਪ੍ਰਕਾਸ਼, ਅਸ਼ੋਕ ਕੁਮਾਰ,ਅਨਿਲ ਕੁਮਾਰ ਸ਼ਰਮਾ,ਮਲਕੀਤ ਸਿੰਘ ਖਾਂਬਰਾ,ਨਸੀਬ ਚੰਦ ਬੱਬੀ ਆਦਿ ਹਾਜ਼ਰ ਸਨ।