ਦੀਵਾਲੀ ਮੌਕੇ ਪਟਾਕਿਆਂ ਦਾ ਧੂੰਆਂ ਸਾਹ ਅਤੇ ਦਿਲ ਦੇ ਮਰੀਜ਼ਾਂ ਲਈ ਬਣ ਸਕਦਾ ਹੈ ਗੰਭੀਰ ਖ਼ਤਰਾ : ਡਾ. ਹਰਜੀਤ ਸਿੰਘ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ : ਐਮ.ਡੀ. ਐਸ.ਐਸ. ਮੈਡੀਸਿਟੀ

Share and Enjoy !

Shares

ਹੁਸ਼ਿਆਰਪੁਰ (ਤਰਸੇਮ ਦੀਵਾਨਾ) – ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ, ਪਰ ਇਸ ਮੌਕੇ ਪਟਾਕਿਆਂ ਨਾਲ ਵਧਣ ਵਾਲਾ ਹਵਾ ਪ੍ਰਦੂਸ਼ਣ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਪਟਾਕਿਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਖਾਸ ਕਰਕੇ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਐਸ.ਐਸ. ਮੈਡੀਸਿਟੀ ਦੇ ਐਮ.ਡੀ. ਡਾ. ਹਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਮਨਾਉਂਦੇ ਸਮੇਂ ਸਿਹਤ ਨੂੰ ਪਹਿਲ ਦੇਣ ਅਤੇ ਬੇਲੋੜੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।

ਡਾ. ਹਰਜੀਤ ਸਿੰਘ ਨੇ ਕਿਹਾ ਕਿ ਪਟਾਕਿਆਂ ਦੇ ਧੂੰਏਂ ਵਿੱਚ ਮੌਜੂਦ ਬਰੀਕ ਪ੍ਰਦੂਸ਼ਣਕਾਰੀ ਕਣ ਅਤੇ ਹਾਨੀਕਾਰਕ ਰਸਾਇਣ ਫੇਫੜਿਆਂ ਵਿੱਚ ਜਲਣ ਅਤੇ ਸੋਜ ਪੈਦਾ ਕਰ ਸਕਦੇ ਹਨ। ਇਸ ਕਾਰਨ ਖੰਘ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਤਕਲੀਫ਼ ਅਤੇ ਛਾਤੀ ਵਿੱਚ ਜਕੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਤੌਰ ‘ਤੇ ਦਮਾ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਪ੍ਰਦੂਸ਼ਿਤ ਹਵਾ ਵਧੇਰੇ ਨੁਕਸਾਨਦੇਹ ਹੈ। ਇਸ ਦਾ ਅਸਰ ਦਿਲ ਦੇ ਰੋਗੀਆਂ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ‘ਤੇ ਵੀ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਦਮੇ ਅਤੇ ਸਾਹ ਦੇ ਮਰੀਜ਼ ਆਪਣੀਆਂ ਦਵਾਈਆਂ ਸਮੇਂ ਸਿਰ ਲੈਣ ਅਤੇ ਡਾਕਟਰ ਵੱਲੋਂ ਦੱਸਿਆ ਇਨਹੇਲਰ ਆਪਣੇ ਕੋਲ ਰੱਖਣ। ਪ੍ਰਦੂਸ਼ਣ ਵਧਣ ਸਮੇਂ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਜ਼ਰੂਰੀ ਕੰਮ ਲਈ ਬਾਹਰ ਜਾਣ ਸਮੇਂ ਚੰਗੀ ਗੁਣਵੱਤਾ ਵਾਲਾ ਮਾਸਕ ਪਹਿਨਿਆ ਜਾਵੇ। ਘਰਾਂ ਅੰਦਰ ਸਾਫ਼ ਹਵਾ ਦਾ ਪ੍ਰਬੰਧ ਰੱਖਣ ਦੇ ਨਾਲ ਧੂੰਆਂ ਪੈਦਾ ਕਰਨ ਵਾਲੀਆਂ ਚੀਜ਼ਾਂ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ।

ਡਾ. ਹਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਵਾਤਾਵਰਨ ਪੱਖੀ ਢੰਗ ਨਾਲ ਮਨਾਉਂਦੇ ਹੋਏ ਮਿੱਟੀ ਦੇ ਦੀਵੇ ਜਗਾਉਣ ਅਤੇ ਪਟਾਕਿਆਂ ਦੀ ਬੇਲੋੜੀ ਵਰਤੋਂ ਤੋਂ ਬਚਣ। ਉਨ੍ਹਾਂ ਕਿਹਾ ਕਿ ਤਿਉਹਾਰ ਦੀ ਖੁਸ਼ੀ ਕਿਸੇ ਦੂਜੇ ਵਿਅਕਤੀ ਲਈ ਸਿਹਤ ਦੀ ਸਮੱਸਿਆ ਨਹੀਂ ਬਣਨੀ ਚਾਹੀਦੀ।

ਉਨ੍ਹਾਂ ਅੱਗੇ ਕਿਹਾ ਕਿ ਦੀਵਾਲੀ ਤੋਂ ਬਾਅਦ ਵੀ ਹਵਾ ਪ੍ਰਦੂਸ਼ਣ ਦਾ ਅਸਰ ਕਈ ਦਿਨਾਂ ਤੱਕ ਰਹਿ ਸਕਦਾ ਹੈ। ਇਸ ਲਈ ਲਗਾਤਾਰ ਖੰਘ, ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ ਜਾਂ ਸਾਹ ਲੈਂਦੇ ਸਮੇਂ ਘਰਘਰਾਹਟ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਵਾਤਾਵਰਨ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ ਅਤੇ ਪ੍ਰਦੂਸ਼ਣ ਤੋਂ ਬਚਾਅ ਲਈ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

About Post Author

Share and Enjoy !

Shares

Leave a Reply

Your email address will not be published.