
ਸੁਨਾਮ ਊਧਮ ਸਿੰਘ ਵਾਲਾ, ( ਜਗਸੀਰ ਲੌਂਗੋਵਾਲ ): ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਵਿਖੇ ਕਰਵਾਈ ਗਈ ਪੰਜ ਰੋਜ਼ਾ ਸ਼੍ਰੀ ਸ਼ਿਵ ਕਥਾ ਦੌਰਾਨ ਕਥਾਵਾਚਕ ਸਾਧਵੀ ਜਯੰਤੀ ਭਾਰਤੀ ਨੇ ਅਨਮੋਲ ਵਿਚਾਰਾਂ ਰਾਹੀਂ ਜਿੱਥੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਉਥੇ ਹੀ ਭਗਵਾਨ ਪਰਸ਼ੂਰਾਮ ਜੀ ਬਾਰੇ ਵੀ ਵਿਚਾਰ ਅਤੇ ਭਜਨ ਰਾਹੀਂ ਹਾਜ਼ਰ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਕਥਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਬੁਲਾਰੇ ਪ੍ਰਦੀਪ ਮੈਨਨ ਨੇ ਕੀਤਾ।
ਪ੍ਰਦੀਪ ਮੈਨਨ ਨੇ ਆਖਿਆ ਕਿ ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਲੋਕਾਂ ਨੂੰ ਧਾਰਮਿਕ ਕੰਮ ਕਰਨ ਅਤੇ ਪ੍ਰਮਾਤਮਾ ਨਾਲ ਜੋੜਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਸ਼ਲਾਘਾਯੋਗ ਹਨ। ਉਹਨਾਂ ਭਰੋਸਾ ਦਿੱਤਾ ਕਿ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਵੱਲੋਂ ਭਵਿੱਖ ਵਿੱਚ ਵੀ ਸੰਸਥਾਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਜਾਵੇਗਾ। ਇਸ ਸਮੇਂ ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਪਹੁੰਚੇ ਕਥਾਵਾਚਕ ਸਾਧਵੀ ਜਯੰਤੀ ਭਾਰਤੀ ਨੇ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਬਾਰੇ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਭਗਵਾਨ ਸ਼ਿਵ ਨੇ ਪਰਸ਼ੂਰਾਮ ਜੀ ਨੂੰ ਧਰਤੀ ਤੇ ਰਾਕਸ਼ਸ਼ਾਂ ਅਤੇ ਦਾਨਵਾਂ ਦਾ ਨਾਸ਼ ਕਰਨ ਲਈ ਭੇਜਿਆ ਸੀ। ਇਸ ਕਥਾ ਸਮਾਗਮ ਦੀ ਸਫਲਤਾ ਲਈ ਉਹਨਾਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੰਦ ਲਾਲ ਸ਼ਰਮਾ, ਹਰਭਗਵਾਨ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ, ਬ੍ਰਿਜ ਲਾਲ ਸ਼ਰਮਾ, ਚੰਦਰ ਸ਼ੇਖਰ ਅੱਤਰੇ, ਭੀਮ ਸ਼ਰਮਾ, ਸੰਦੀਪ ਸ਼ਰਮਾ ਜ਼ਿਲ੍ਹਾ ਯੂਥ ਪ੍ਰਧਾਨ ਬ੍ਰਾਹਮਣ ਸਭਾ ਵੀ ਮੌਜੂਦ ਸਨ।