
(ਗੁਰਦੀਪ ਸਿੰਘ ਹੋਠੀ) ਜਲੰਧਰ। ਜ਼ਿਲਾ ਸੈਸ਼ਨ ਕੋਰਟ ਕੰਪਲੈਕਸ ’ਚ ਬੀਤੇ ਦਿਨ ਨਰੇਸ਼ ਡੋਗਰਾ ਡੀ. ਸੀ. ਪੀ. ਸੁਰੱਖਿਆ ਅਤੇ ਏ. ਸੀ. ਪੀ. ਅਸ਼ਵਨੀ ਅੱਤਰੀ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਅਤੇ ਕਮਾਂਡੋ ਦੇ ਜਵਾਨਾਂ ਸਮੇਤ ਸੈਸ਼ਨ ਕੋਰਟ ਕੰਪਲੈਕਸ ’ਚ ਅਚਾਨਕ ਦੌਰਾ ਕਰ ਕੇ ਸੁਰੱਖਿਆ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨਾਂ ਅਦਾਲਤ ਕੰਪਲੈਕਸ ’ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਅਦਾਲਤ ’ਚ ਦੋਸ਼ੀਆਂ ਦੀ ਪੇਸ਼ੀ ਦੌਰਾਨ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਤੇ ਸਵੇਰੇ ਭਾਰੀ ਪੁਲਸ ਫੋਰਸ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਤਾਇਨਾਤੀ ਨੂੰ ਵੇਖਦੇ ਹੋਏ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਕਿਸੇ ਖ਼ਤਰਨਾਕ ਗੈਂਗਸਟਰਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ, ਉੱਥੇ ਬਖਸ਼ੀਖਾਨੇ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਉੱਥੇ ਆਣ ਜਾਣ ਵਾਲਿਆਂ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਅੱਜ ਸਵੇਰੇ ਸਿਵਲ ਹਸਪਤਾਲ ਜਲੰਧਰ ਵਿਖੇ ਥਾਣਾ ਡਿਵੀਜ਼ਨ ਨੰ. 4 ਦੇ ਥਾਣਾ ਮੁਖੀ ਕਮਲਜੀਤ ਸਿੰਘ ਨੇ ਭਾਰੀ ਪੁਲਸ ਫੋਰਸ ਸਮੇਤ ਕੰਟੀਨ ’ਚ ਚੈਕਿੰਗ ਕੀਤੀ। ਇਸ ਦੇ ਨਾਲ ਹੀ ਐਮਰਜੈਂਸੀ ਵਾਰਡ ’ਚ ਵੀ ਸੁਰੱਖਿਆ ਦਾ ਜਾਇਜਾ ਲਿਆ ਤੇ ਉਨਾਂ ਕਿਹਾ ਕਿ ਮਾਨਯੋਗ ਪੁਲਸ ਕਮਿਸਨਰੇਟ ਦੇ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ’ਚ ਭੈੜੇ ਅਨਸਰਾਂ ਤੇ ਸ਼ਰਾਰਤੀ ਵਿਅਕਤੀਆਂ ਵਿਰੁੱਧ ਵੀ ਮੁਹਿੰਮ ਲਗਾਤਾਰ ਚਲਾਈ ਜਾਵੇਗੀ। ਇਸੇ ਤਰਾਂ ਅੱਜ ਸਵੇਰੇ ਤੋਂ ਹੀ ਭਾਰੀ ਪੁਲਸ ਫੋਰਸ ਸਮੇਤ ਜਲੰਧਰ ਰੇਲਵੇ ਸਟੇਸ਼ਨ ਦਾ ਵੀ ਪੁਲਸ ਅਧਿਕਾਰੀਆਂ ਨੇ ਦੌਰਾ ਕਰ ਉਥੋਂ ਦੀ ਸੁਰੱਖਿਆ ਦਾ ਜਾਇਜਾ ਲਿਆ ਤੇ ਸ਼ੱਕੀ ਵਿਅਕਤੀਆਂ ਅਤੇ ਵੈਂਡਰਾਂ ਦੀਆਂ ਰੇਹੜੀਆਂ ਦੀ ਵੀ ਚੈਕਿੰਗ ਵੀ ਕੀਤੀ ਗਈ।