– ਚੈਂਬਰ ਦੇ 25 ਸਾਲ ਪੂਰੇ ਹੋਣ ਤੇ ਸਮਰਪਿਤ ਸੋਵੀਨਾਰ ਕੀਤਾ ਗਿਆ ਪੇਸ਼
ਸੰਗਰੂਰ (ਜਗਸੀਰ ਸਿੰਘ) : ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਘਨਸ਼ਿਆਮ ਕਾਂਸਲ ਅਤੇ ਚੇਅਰਮੈਨ ਡਾ. ਏ.ਆਰ.ਸ਼ਰਮਾ ਦੀ ਅਗਵਾਈ ਹੇਠ ਡੀ.ਸੀ ਸੰਗਰੂਰ ਸ੍ਰੀ ਰਾਮਵੀਰ (ਆਈ.ਏ.ਐਸ.) ਅਤੇ ਐਸ.ਐਸ.ਪੀ ਸਵਪਨ ਸ਼ਰਮਾ (ਆਈ.ਪੀ.ਐਸ.) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸਡੀਐਮ ਸੁਨਾਮ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਚੈਂਬਰ ਦੇ 25 ਸਾਲ ਪੂਰੇ ਹੋਣ ’ਤੇ ਕੱਢੇ ਗਏ ਸੋਵੀਨਾਰ ਵੀ ਡੈਲੀਗੇਟਾਂ ਵੱਲੋਂ ਅਧਿਕਾਰੀਆਂ ਨੂੰ ਭੇਟ ਕੀਤੇ ਗਏ। ਡੀਸੀ ਅਤੇ ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਚੈਂਬਰ ਨੇ ਪ੍ਰਸਾਸ਼ਨ ਨੂੰ ਸੰਕਟ ਦੀ ਘੜੀ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਹੈ ਅਤੇ ਜ਼ਿਲ੍ਹੇ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ਦਾ ਪ੍ਰਚਾਰ ਕੀਤਾ ਹੈ ਤੇ ਉਦਯੋਗ ਨੂੰ ਭਵਿੱਖ ਵਿੱਚ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਦੇ ਵਿਕਾਸ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਖੇਤੀ ਆਧਾਰਿਤ ਉਦਯੋਗਾਂ ਦੀਆਂ ਅਥਾਹ ਸੰਭਾਵਨਾਵਾਂ ਹਨ ਤੇ ਇਸ ਤੇ ਕੰਮ ਚੱਲ ਰਿਹਾ ਹੈ। ਐਸ.ਡੀ.ਐਮ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਦਯੋਗਾਂ ਦੀ ਖੁਸ਼ਹਾਲੀ ਹੀ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ ਤੇ ਬੇਰੁਜ਼ਗਾਰੀ ‘ਤੇ ਕਾਬੂ ਪਾਉਣ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜ਼ਿਲ੍ਹਾ ਪ੍ਰਧਾਨ ਕਾਂਸਲ ਅਤੇ ਡਾ: ਸ਼ਰਮਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਦਯੋਗਪਤੀਆਂ ਨੂੰ ਹਰ ਪੱਧਰ ‘ਤੇ ਸਹਿਯੋਗ ਦਿੱਤਾ ਹੈ | ਜ਼ਿਲ੍ਹਾ ਮੁਖੀ ਹੋਣ ਦੇ ਨਾਤੇ ਡੀਸੀ ਸੰਗਰੂਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਗੰਭੀਰ ਰਹੇ ਹਨ। ਇਸ ਮੌਕੇ ਚੈਂਬਰ ਦੇ ਪ੍ਰਧਾਨ ਸੰਜੀਵ ਚੋਪੜਾ ਕਿੱਟੀ, ਪ੍ਰੇਮ ਗੁਪਤਾ ਆਦਿ ਹਾਜ਼ਰ ਸਨ।