
ਖੇਤੀ ਟੈਕਨੋਕਰੇਟਸ ਦੀਆਂ ਮੰਗਾਂ ਅਣਗੌਲੀਆਂ ਕਰਨ ਵਿਰੁੱਧ ਪੀ.ਡੀ.ਐੱਸ.ਏ. ਪੰਜਾਬ ਵੱਲੋਂ ਧਰਨਾ
ਸੰਗਰੂਰ (ਜਗਸੀਰ ਸਿੰਘ)– ਪੰਜਾਬ ਸਰਕਾਰ ਵੱਲੋਂ ਖੇਤੀ ਟੈਕਨੋਕਰੇਟਸ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ (ਪੀ.ਡੀ.ਐੱਸ.ਏ.) ਪੰਜਾਬ ਵੱਲੋਂ ਅੱਜ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਮੋਗਾ, ਸੰਗਰੂਰ, ਨਵਾਂ ਸ਼ਹਿਰ, ਰੂਪਨਗਰ, ਪਟਿਆਲਾ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਲ ਸੇਵਾ ਮੁਕਤ ਖੇਤੀ ਟੈਕਨੋਕਰੇਟਸ , ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਅਤੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਡਾ ਹਰਮਨਦੀਪ ਸਿੰਘ ਘੁੰਮਣ ਸੂਬਾ ਪ੍ਰਧਾਨ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ, ਡਾ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਕੁੱਲ ਹਿੰਦ ਕਿਸਾਨ ਮਹਾਸਭਾ ਅਤੇ ਜਮਹੂਰੀ ਕਿਸਾਨ ਸਭਾ, ਡਾ ਰਜਿੰਦਰਪਾਲ ਸਿੰਘ ਔਲਖ ਸਾਬਕਾ ਪ੍ਰਧਾਨ ਪਲਾਟ ਡਾਕਟਰਜ ਸਰਵਿਸਿਜ਼ ਐਸੋਸੀਏਸ਼ਨ ਪੰਜਾਬ, ਡਾ ਨਵਦੀਪ ਸਿੰਘ ਜੌੜਾ ਡਿਪਟੀ ਡਾਇਰੈਕਟਰ ਖੇਤੀਬਾੜੀ, ਡਾ ਸਖਪਾਲ ਸਿੰਘ ਰਿਟਾਇਰਡ ਡਿਪਟੀ ਡਾਇਰੈਕਟਰ ਖੇਤੀਬਾੜੀ, ਡਾ ਮਨਜਿੰਦਰ ਸਿੰਘ ਸੂਬਾ ਜਨਰਲ ਸਕੱਤਰ, ਡਾ ਰਾਜਵਿੰਦਰ ਸਿੰਘ, ਡਾ ਨਰਿੰਦਰਪਾਲ ਸਿੰਘ ਚੀਮਾਂ, ਡਾ ਦਲੇਰ ਸਿੰਘ, ਦਵਿੰਦਰ ਸਿੰਘ, ਸਿਮਰਨਦੀਪ ਸਿੰਘ ਪੰਜਾਬ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ, ਹਰਬੰਸ ਸਿੰਘ ਬਲਾਕ ਸਕੱਤਰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਬੂਟਾ ਸਿੰਘ ਮਲਕ ਕਿਸਾਨ ਬਚਾਉ ਮੋਰਚਾ ਬੁਲਾਰਿਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਇੱਕੋ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਪਰਾਲੀ ਪ੍ਰਬੰਧਨ ਦੀ ਸਮੱਸਿਆ, ਗ਼ੈਰ-ਸਿਫ਼ਾਰਸ਼ਸ਼ੁਦਾ ਕੀਟਨਾਸ਼ਕਾਂ ਅਤੇ ਖਾਦਾਂ ਦੀ ਕਿਸਾਨਾਂ ਦੁਆਰਾ ਵਰਤੋਂ, ਹਾਈਬ੍ਰਿਡ ਬੀਜਾਂ ਉੱਤੇ ਵਧਦੀ ਨਿਰਭਰਤਾ ਅਤੇ ਖੇਤੀ ਲਾਗਤਾਂ ਵਿੱਚ ਹੋ ਰਹੇ ਵਾਧੇ ਕਾਰਨ ਕਿਸਾਨਾਂ ਦੀ ਸ਼ੁੱਧ ਆਮਦਨ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸੰਕਟ ਵਿੱਚੋਂ ਨਿਕਲਣ ਲਈ ਖੇਤੀ ਖੋਜਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਨ੍ਹਾਂ ਖੋਜਾਂ ਨੂੰ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਉਣ ਲਈ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੋ ਪਿੰਡਾਂ ਪਿੱਛੇ ਇੱਕ ‘ਖੇਤਾਂ ਦਾ ਮਾਸਟਰ’ ਭਰਤੀ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਦੇ ਕਾਰਜਕਾਲ ਦੌਰਾਨ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਵਿਕਾਸ ਅਫ਼ਸਰਾਂ ਅਤੇ ਖੇਤੀਬਾੜੀ ਉਪ ਨਿਰੀਖਕਾਂ ਦੀਆਂ ਲਗਭਗ 40 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਖਾਲੀ ਅਸਾਮੀਆਂ ਕਾਰਨ ਕਿਸਾਨਾਂ ਨੂੰ ਮਿਲਣ ਵਾਲੀਆ ਖੇਤੀ ਪਸਾਰ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਬਲਾਕ ਖੇਤੀਬਾੜੀ ਅਫ਼ਸਰਾਂ ਦੀਆਂ 100 ਤੋਂ ਵੱਧ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਪਦਉੱਨਤੀਆਂ ਕਰਕੇ ਉਹਨਾ ਨੂੰ ਬਲਾਕ ਖੇਤੀਬਾੜੀ ਅਫ਼ਸਰ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਅਨੁਸਾਰ, ਬਲਾਕ ਖੇਤੀਬਾੜੀ ਅਫ਼ਸਰ ਦੇ ਅਹੁਦੇ ਲਈ ਖੇਤੀਬਾੜੀ ਵਿਕਾਸ ਅਫਸਰ ਵਜੋਂ ਲੋੜੀਂਦੇ ਛੇ ਸਾਲਾਂ ਦੇ ਤਜਰਬੇ ਦੀ ਲੋੜੀਂਦੀ ਸ਼ਰਤ ਦੇ ਮੁਕਾਬਲੇ 14 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਪਦਉੱਨਤੀਆਂ ਨਾ ਹੋਣ ਨਾਲ ਖੇਤੀਬਾੜੀ ਵਿਕਾਸ ਅਫਸਰ ਨਿਰਾਸ਼ਾ ਦੇ ਆਲਮ ਵਿੱਚ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀ ਪਸਾਰ ਕਾਮਿਆਂ ਦੇ ਰੁਤਬੇ ਅਤੇ ਸੇਵਾ ਹਾਲਾਤਾਂ ਵਿੱਚ ਸੁਧਾਰ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪੇਂਡੂ ਭੱਤੇ ਅਤੇ ਸਫ਼ਰੀ ਭੱਤੇ ਵਰਗੀਆਂ ਸਹੂਲਤਾਂ ਦੇਣ ਦੀ ਬਜਾਏ ਖੇਤੀ ਟੈਕਨੋਕਰੇਟਸ ਦੀ ਵੈਟਰਨਰੀ ਅਫ਼ਸਰਾਂ ਦੇ ਬਰਾਬਰ ਸਾਲ 1986 ਤੋਂ ਚੱਲਦੀ ਆ ਰਹੀ ਤਨਖ਼ਾਹ ਬਰਾਬਰਤਾ (ਪੇਅ ਪੈਰਿਟੀ) ਵੀ ਤੋੜ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਬੁਲਾਰਿਆਂ ਨੇ ਖੇਤੀਬਾੜੀ ਵਿਭਾਗ ਵਿੱਚ ਸੂਬਾ ਪੱਧਰ ’ਤੇ ਖਾਦਾਂ ਦੇ ਪ੍ਰਬੰਧਨ ਅਤੇ ਉਨ੍ਹਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਜੁਆਇੰਟ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਦੀ ਅਸਾਮੀ ’ਤੇ ਗ਼ੈਰ-ਤਕਨੀਕੀ ਅਧਿਕਾਰੀ ਦੀ ਤਾਇਨਾਤੀ ’ਤੇ ਵੀ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਤਕਨੀਕੀ ਅਸਾਮੀਆਂ ’ਤੇ ਯੋਗਤਾ ਅਤੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਹੀ ਨਿਯੁਕਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਉਹਨਾ ਜੁਆਇੰਟ ਡਾਇਰੈਕਟਰ ਖੇਤੀਬਾੜੀ( ਇੰਨਪੁਟਸ) ਦੀ ਖਾਲੀ ਪਈ ਅਸਾਮੀ ਦਾ ਚਾਰਜ ਅੰਕੜਾ ਵਿੰਗ ਦੀ ਗੈਰ ਖੇਤੀ ਟੈਕਨੋਕਰੇਟ ਅਧਿਕਾਰੀ ਨੂੰ ਦਿੱਤਾ ਗਿਆ ਵਾਧੂ ਚਾਰਜ ਤੁਰੰਤ ਵਾਪਸ ਲੈ ਕੇ ਖੇਤੀਬਾੜੀ ਦੀ ਯੋਗਤਾ ਵਾਲੇ ਜੁਆਇੰਟ ਡਾਇਰੈਕਟਰ ਨੂੰ ਦੇਣ ਦੀ ਮੰਗ ਕੀਤੀ । ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਨਾ, ਲੰਮੇ ਸਮੇਂ ਤੋਂ ਲਟਕਦੀਆਂ ਪਦਉੱਨਤੀਆਂ ਕਰਨਾ, ਵੈਟਰਨਰੀ ਡਾਕਟਰਾਂ ਨਾਲ ਤਨਖ਼ਾਹ ਬਰਾਬਰਤਾ ਬਹਾਲ ਕਰਨਾ, ਤਕਨੀਕੀ ਅਸਾਮੀਆਂ ’ਤੇ ਗ਼ੈਰ-ਤਕਨੀਕੀ ਅਧਿਕਾਰੀਆਂ ਦੀਆਂ ਨਿਯੁਕਤੀਆਂ ਬੰਦ ਕਰਨਾ ਅਤੇ ਖੇਤੀ ਟੈਕਨੋਕਰੇਟਸ ਲਈ ਬਣਦੀਆਂ ਸਹੂਲਤਾਂ ਯਕੀਨੀ ਬਣਾਉਣਾ ਸ਼ਾਮਲ ਹੈ।
ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਸੰਘਰਸਮਈ ਖੇਤੀ ਮਾਹਿਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਇਹਨਾਂ ਮੰਗਾਂ ਦੇ ਨਿਪਟਾਰੇ ਲਈ ਜਥੇਬੰਦੀ ਦੇ ਵਫ਼ਦ ਨਾਲ ਮੀਟਿੰਗ ਕਰਕੇ ਮੰਗਾਂ ਨਾ ਮੰਨੀਆਂ ਤਾਂ ਐਸੋਸੀਏਸ਼ਨ ਵੱਲੋਂ 19 ਅਕਤੂਬਰ ਨੂੰ ਡਾਇਰੈਕਟਰ ਖੇਤੀਬਾੜੀ ਦੇ ਦਫ਼ਤਰ, ਮੋਹਾਲੀ ਵਿਖੇ ਵਿਸ਼ਾਲ ਰੋਸ ਪਰਦਰਸ਼ਨ ਕੀਤਾ ਜਾਵੇਗਾ। ਇਸ ਧਰਨੇ ਵਿੱਚ ਪੰਜਾਬ ਭਰ ਦੇ ਮੌਜੂਦਾ ਅਤੇ ਸੇਵਾਮੁਕਤ ਖੇਤੀ ਟੈਕਨੋਕਰੇਟਸ, ਕਿਸਾਨਾਂ ਅਤੇ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਜਿਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।