
– ਖੂਨਦਾਨ ਕਰਨ ਨਾਲ ਕਈ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ- ਡਿਪਟੀ ਕਮਿਸ਼ਨਰ
(ਸੁਰਿੰਦਰ ਸਿੰਘ ਸਿੱਧੂ) ਤਰਨ ਤਾਰਨ।
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਖੂਨਦਾਨ ਕੈਂਪ ਲਗਾ ਕੇ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਗਿਆ। ਇਸ ਖੂਨਦਾਨ ਦਾ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਵੱਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂ ਸਕਦਾ ਹੈ । ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ । ਉਨਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰਕੇ ਇਕ ਲੋੜਵੰਦ ਵਿਅਕਤੀ ਨੂੰ ਜੀਵਨ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਬਲੱਡ ਬੈੱਕ ਦਾ ਦੌਰਾ ਵੀ ਕੀਤਾ ਗਿਆ। ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਨੇ ਕਿਹਾ ਕਿ ਬਲੱਡ ਟ੍ਰਾਸਫਿਊਜ਼ਨ ਖ਼ੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ ਚਾਰ ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ, ਕਿਉਂਕਿ ਖ਼ੂਨ ਦੇ ਚਾਰ ਕੰਪੋਨੈਂਟ ਪਲਾਜ਼ਮਾਂ, ਆਰ.ਬੀ.ਸੀ. ਪਲੇਟਲੈਟ ਅਤੇ ਹਿਮੋਫੀਲੀਆ ਦੇ ਮਰੀਜ਼ਾਂ ਵਿਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦੇ ਹਨ । ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਤੇ ਵੱਖ-ਵੱਖ ਐੱਨ.ਜੀ.ਓ. ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਿਚ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ, ਸਾਥ, ਰੈੱਡ ਕਰਾਸ ਸੁਸਾਇਟੀ, ਖ਼ਾਲਸਾ ਬਲੱਡ ਯੂਨਿਟੀ, ਨੋਲਜ਼ ਵੀਲਾ ਸੁਸਾਇਟੀ, ਗੁਰੂ ਅਰਜਨ ਦੇਵ ਜੀ ਸੁਸਾਇਟੀ ਸ਼ਾਮਲ ਸਨ। ਡਾ. ਰੇਖਾ ਬਲੱਡ ਟ੍ਰਾਸਫਿਊਜ਼ਨ ਅਫ਼ਸਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਕੈਂਪ ਦੇ ਦੌਰਾਨ 35 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਹੈ । ਇਸ ਦੇ ਨਾਲ ਹੀ ਬਲੱਡ ਜਾਗਰੂਕਤਾ ਸਬੰਧੀ ਪੋਸਟਰ ਮੈਕਿੰਗ ਮੁਕਬਲਾ ਕਰਵਾਇਆ ਗਿਆ, ਜਿਸ ਵਿਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਿਕਰਮਜੀਤ ਸਿੰਘ ਪੂਰੇਵਾਲ, ਜ਼ਿਲਾ ਸਿਹਤ ਅਫ਼ਸਰ ਡਾ. ਸੁਖਬੀਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਰਨਜੀਤ ਧਵਨ ਸਮੇਤ ਸਮੂਹ ਦਫਤਰੀ ਸਟਾਫ ਹਾਜ਼ਰ ਸੀ।