
(ਸਤਪਾਲ ਖਡਿਆਲ) ਦਿੜਬਾ ਮੰਡੀ। ਮਨੁੱਖ ਦੀਆਂ ਆਪਹੁਦਰੀਆਂ ਤੇ ਖੁਦਗਰਜ਼ੀਆਂ ਕਾਰਨ ਵਾਤਾਵਰਣ ਦਿਨ ਪ੍ਰਤੀ ਦਿਨ ਪਲੀਤ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਵੱਖ ਵੱਖ ਨਾਮੁਰਾਦ ਬਿਮਾਰੀਆਂ ਕਾਰਨ ਮਨੁੱਖਤਾ ਦਾ ਵਿਨਾਸ਼ ਹੋਣ ਲੱਗਿਆ ਹੋਇਆ ਹੈ। ਇਹਨਾਂ ਸਾਰੀਆਂ ਬਿਮਾਰੀਆਂ ਤੋ ਬਚਾਅ ਲਈ ਧਰਤੀ ਅਤੇ ਸਾਡੇ ਆਲੇ ਦੁਆਲੇ ਹਰਿਆਲੀ ਹੋਣੀ ਚਾਹੀਦੀ ਹੈ।ਹਰਿਆਲੀ ਕਾਇਮ ਰੱਖਣ ਲਈ ਸਾਨੂੰ ਹਰ ਖੁਸ਼ੀ ਦੇ ਮੌਕੇ ਪੌਦੇ ਲਗਾ ਕੇ ਉਹਨਾਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਆਪਣੀ ਧਰਮ ਪਤਨੀ ਸ੍ਰੀਮਤੀ ਗੀਤਾ ਰਾਣੀ ਨਾਲ ਆਪਣੇ ਵਿਆਹ ਦੀ 24ਵੀ ਵਰੇਗੰਢ ਮਨਾਉਣ ਸਮੇਂ ਪਰਿਵਾਰ ਸਮੇਤ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਂਕ ਵਿਖੇ ਛਾਂਦਾਰ ਪੌਦੇ ਲਗਾਉਣ ਸਮੇਤ ਕੀਤਾ। ਉਹਨਾਂ ਕਿਹਾ ਕਿ ਰੁੱਖਾਂ ਤੇ ਮਨੁੱਖਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਮਨੁੱਖ ਤੇ ਰੁੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਜਨਮ ਤੋਂ ਲੈ ਕੇ ਮਰਨ ਤੱਕ ਹਰੇਕ ਵਿਅਕਤੀ ਰੁੱਖਾਂ ਦੀਆਂ ਦਿਤੀਆਂ ਦਾਤਾਂ ਨੂੰ ਬਾਖੂਬੀ ਵਰਤੋਂ ਵਿੱਚ ਲਿਆਉਂਦਾ ਹੈ। ਇਸ ਲਈ ਮੌਜੂਦਾ ਸਮੇਂ ਵਿੱਚ ਹਰੇਕ ਵਿਅਕਤੀ ਨੂੰ ਘੱਟੋ ਘੱਟ ਇਕ ਪੌਦਾ ਲਗਾ ਕੇ ਉਸਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਤੇ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਹੈ।ਇਸ ਮੌਕੇ ਪਿ੍ਰੰਸੀਪਲ ਇਕਦੀਸ਼ ਕੌਰ ਨੇ ਵੀ ਪੌਦਿਆਂ ਦੀ ਮਹੱਤਤਾ ਬਾਰੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਗ੍ਰਾਮ ਪੰਚਾਇਤ ਸਰਪੰਚ ਮਹਿੰਦਰਪਾਲ ਕੌਰ ਢਿੱਲੋ,ਸੰਤ ਬਾਬਾ ਤੁਲਸੀ ਦਾਸ, ਸਮਾਜ ਸੇਵਕ ਇਕਬਾਲ ਸਿੰਘ ਜੇਜੀ, ਈਕੋ ਕਲੱਬ ਇੰਚਾਰਜ ਮੈਡਮ ਕੰਚਨ ਗੋਇਲ ਨੇ ਪਰਮਿੰਦਰ ਕੁਮਾਰ ਦੇ ਪਰਿਵਾਰ ਦੇ ਉੱਦਮ ਦੀ ਸਲਾਘਾ ਕੀਤੀ ਤੇ ਸਾਰਿਆਂ ਨੇ ਆਪਣੇ ਹੱਥੀ ਇੱਕ ਇੱਕ ਪੌਦਾ ਲਗਾ ਕੇ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪਰਮਜੀਤ ਕੌਰ,ਹਰਦੇਵ ਕੌਰ, ਅਮਨਦੀਪ ਸਿੰਘ, ਰਵੀਦੀਪ ਸਿੰਘ, ਸੁਖਚੈਨ ਸਿੰਘ, ਜਸਵੀਰ ਕੁਮਾਰ,ਸੋਨਾਲੀ ਅਗਰਵਾਲ, ਰਾਹੁਲ ਗੋਇਲ, ਸਮੱਰਥ ਗੋਇਲ ਨੇ ਵੀ ਪੌਦੇ ਲਗਾਏ।