ਫਗਵਾੜਾ (ਸ਼ਿਵ ਕੋੜਾ) : ਕੌਮੀ ਐਸ.ਸੀ/ਐਸ.ਟੀ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਦੇ ਦਿੱਲੀ ‘ਚ ਤਾਜਪੋਸ਼ੀ ਤੋਂ ਬਾਅਦ ਅੱਜ ਫਗਵਾੜਾ ਪਰਤਣ ਮੌਕੇ ਸਮੂਹ ਫਗਵਾੜਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੁਪਿਹਰ ਸਮੇਂ ਸ੍ਰੀ ਸਾਂਪਲਾ ਦੇ ਸ਼ਤਾਬਦੀ ਐਕਸਪ੍ਰੈਸ ਤੋਂ ਉੱਤਰਦੇ ਹੀ ਫਗਵਾੜਾ ਰੇਲਵੇ ਸਟੇਸ਼ਨ ਉੱਪਰ ਉਹਨਾਂ ਦੇ ਇੰਤਜਾਰ ‘ਚ ਖੜੇ ਸੈਂਕੜੇ ਸਮਰਥਕਾਂ ਨੇ ਵਿਜੇ ਸਾਂਪਲਾ ਜਿੰਦਾਬਾਦ ਅਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਸਥਾਨਕ ਰੈਸਟ ਹਾਉਸ ਵਿਖੇ ਫਗਵਾੜਾ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਸਾਂਪਲਾ ਸਮਰਥਕਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਉਹਨਾਂ ਦੀ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਦਾ ਮੁੱਲ ਪਾਇਆ ਹੈ। ਫਗਵਾੜਾ ਵਾਸੀਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਵਿਜੇ ਸਾਂਪਲਾ ਨੂੰ ਦੂਸਰੀ ਵਾਰ ਨਰਿੰਦਰ ਮੋਦੀ ਸਰਕਾਰ ਵਲੋਂ ਐਸ.ਸੀ./ਐਸ.ਟੀ. ਕਮਿਸ਼ਨ ਦਾ ਕੌਮੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਸਪਸ਼ਟ ਹੈ ਕਿ ਭਾਜਪਾ ਹਮੇਸ਼ਾ ਆਪਣੇ ਮਿਹਨਤੀ ਵਰਕਰਾਂ ਦਾ ਮਾਣ-ਸਤਿਕਾਰ ਕਰਦੀ ਹੈ। ਵਰਕਰਾਂ ਨੇ ਸ੍ਰੀ ਸਾਂਪਲਾ ਦੀ ਨਿਯੁਕਤੀ ਲਈ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੈਬਿਨੇਟ ਦਾ ਧੰਨਵਾਦ ਕੀਤਾ। ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਜੋ ਮਾਣ-ਸਤਿਕਾਰ ਫਗਵਾੜਾ ਦੇ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਉਸ ਤੋਂ ਉਹ ਬਹੁਤ ਹੀ ਖੁਸ਼ ਹਨ। ਫਗਵਾੜਾ ਵਾਸੀਆਂ ਦੀ ਸੇਵਾ ਵਿਚ ਉਹ ਹਮੇਸ਼ਾ ਹਾਜਰ ਰਹੇ ਹਨ ਅਤੇ ਹੁਣ ਵੀ ਚੇਅਰਮੈਨ ਦੇ ਅਹੁਦੇ ਨੂੰ ਸੰਭਾਲਣ ਉਪਰੰਤ ਸਭ ਤੋਂ ਪਹਿਲਾਂ ਆਪਣੇ ਸ਼ਹਿਰ ਫਗਵਾੜਾ ਦੇ ਲੋਕਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਆਏ ਹਨ। ਇੱਥੇ ਜਿਕਰਯੋਗ ਹੈ ਕਿ ਸ੍ਰੀ ਵਿਜੇ ਸਾਂਪਲਾ ਨੇ ਫਗਵਾੜਾ ਵਿਧਾਨਸਭਾ ਚੋਣ ਲੜਨ ਲਈ ਕੁੱਝ ਸਮਾਂ ਪਹਿਲਾਂ ਇਸੇ ਅਹੁਦੇ ਤੋਂ ਅਸਤੀਫ ਦੇ ਦਿੱਤਾ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਚੋਣ ਨਹੀਂ ਜਿੱਤ ਸਕੇ, ਜਿਸ ਤੋਂ ਬਾਅਦ ਉਹਨਾਂ ਨੂੰ ਦੂਸਰੀ ਵਾਰ ਕੌਮੀ ਐਸ.ਸੀ/ਐਸ.ਟੀ. ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਮੌਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਸਾਂਪਲਾ ਦੇ ਪਰਿਵਾਰਕ ਮੈਂਬਰ ਤੇ ਸਮਰਥਕ ਵੱਡੀ ਗਿਣਤੀ ਵਿਚ ਹਾਜਰ ਸਨ।