ਸੰਗਰੂਰ (ਜਗਸੀਰ ਲੌਂਗੋਵਾਲ ) : ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ ਸੰਗਰੂਰ ਦੇ ਐਕਸੀਅਨ ਨਹਿਰੀ ਵਿਭਾਗ ਦੇ ਦਫ਼ਤਰ ਦਾ ਘਿਰਾਓ ਕਰਕੇ 11ਵਜੇ ਤੋਂ 1.30 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਐਕਸੀਅਨ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ ਅੱਜ ਦੇ ਰੋਸ ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਮੰਗਤ ਰਾਮ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟਰਿਆਣਾ ਨੇ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ ਉੱਪਰੋਂ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀ ਮੱਕੀ ਦੀ ਫਸਲ, ਸਬਜ਼ੀਆਂ ਤੇ ਹਰਾ ਚਾਰਾ ਸੁੱਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਦੂਹਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ ਪੰਜਾਬ ਸਰਕਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਤੇ ਧਿਆਨ ਨਹੀਂ ਦੇ ਰਹੀ ਇਸ ਕਰਕੇ ਕਿਸਾਨਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ ਨੇ ਕਿਹਾ ਕਿ ਸਾਮਰਾਜੀ ਨਿਰਦੇਸ਼ਤ ਨੀਤੀਆਂ ਰਾਹੀਂ ਸਰਕਾਰਾਂ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹਣਾ ਚਾਹੁੰਦੀਆਂ ਹਨ ਅਤੇ ਬਹੁਕੌਮੀ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ ਦੇ ਰਹੀਆਂ ਹਨ ਜਿਸ ਕਾਰਨ ਆਏ ਦਿਨ ਕਿਸਾਨਾਂ ਦੇ ਲਾਗਤ ਖਰਚੇ ਵਧ ਰਹੇ ਹਨ ਪਰ ਉਨ੍ਹਾਂ ਦੀਆਂ ਫਸਲਾਂ ਦੇ ਸਹੀ ਭਾਅ ਨਹੀਂ ਮਿਲ ਰਹੇ। ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਨਿਰਮਲ ਸਿੰਘ ਬਟਰਿਆਣਾ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਘਟੇ ਝਾੜ ਕਾਰਨ ਸਰਕਾਰ ਫੌਰੀ ਮੁਆਵਜ਼ੇ ਦਾ ਐਲਾਨ ਕਰੇ । ਅਖੀਰ ਵਿੱਚ ਮੁੱਖ ਮੰਤਰੀ ਦੇ ਨਾਂ ਐਕਸੀਅਨ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਨਹਿਰੀ ਪਾਣੀ ਦੀ ਪੂਰੀ ਵਿਵਸਥਾ ਕੀਤੀ ਜਾਵੇ, ਕੱਸੀਆਂ ਅਤੇ ਨਹਿਰੀ ਖਾਲਾਂ ਦੀ ਫੌਰੀ ਸਫ਼ਾਈ ਕਰਵਾ ਕੇ ਟੇਲਾਂ ਤੱਕ ਪਾਣੀ ਪਹੁੰਚਦਾ ਕੀਤਾ ਜਾਵੇ।ਭੁਪਿੰਦਰ ਸਿੰਘ ਲੌਂਗੋਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ “ਡੈਮ ਸੇਫਟੀ ਐਕਟ 2021” ਬਣਾ ਕੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਹੈ ਅਤੇ ਸਾਰੇ ਦੇਸ਼ ਦੇ ਦਰਿਆਈ ਪਾਣੀਆਂ ਨੂੰ ਆਪਣੇ ਕੰਟਰੋਲ ਚ ਕਰਨਾ ਚਾਹੁੰਦਾ ਹੈ। ਸਾਨੂੰ ਸਾਡੇ ਪਾਣੀਆਂ ਨੂੰ ਬਚਾਉਣ ਲਈ ਵੀ ਲੜਾਈ ਲੜਨੀ ਪਵੇਗੀ ਮੌਜੂਦਾ ਸਮੇਂ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਪੂਰੀ ਲੈਣ ਲਈ ਨਹਿਰੀ ਵਿਭਾਗ ਦੇ ਗ਼ੈਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਜੱਦੋ ਜਹਿਦ ਕਰਨ ਦਾ ਸੱਦਾ ਦਿੱਤਾ ਅਤੇ ਮੰਗ ਕੀਤੀ ਕਿ ਲੌਂਗੋਵਾਲ ਮਾਈਨਰ ਅਤੇ ਸ਼ੇਰੋਂ ਰਜਵਾਹੇ ਨਾਲ ਸੰਬੰਧਤ ਮੋਘਿਆਂ ਵਿਚ ਪਾਣੀ ਨਹੀਂ ਆ ਰਿਹਾ ਕਿਉਂਕਿ ਇਨ੍ਹਾਂ ਰਜਵਾਹਿਆਂ ਵਿੱਚ ਪਾਣੀ ਬਹੁਤ ਘੱਟ ਮਾਤਰਾ ਵਿੱਚ ਛੱਡਿਆ ਗਿਆ ਹੈ ਅਧਿਕਾਰੀ ਫੌਰੀ ਇਨ੍ਹਾਂ ਰਜਬਾਹਿਆਂ ਵਿੱਚ ਪਾਣੀ ਪੂਰਾ ਕਰਨ ਨਹੀਂ ਤਾਂ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ । ਅੱਜ ਦੇ ਰੋਸ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਦਰਸ਼ਨ ਸਿੰਘ ਕੁੰਨਰਾਂ, ਸੁਖਦੇਵ ਸਿੰਘ ਉੱਭਾਵਾਲ, ਗੁਰਨਾਮ ਸਿੰਘ ਬਾਲਦ, ਨਵਦੀਪ ਸਿੰਘ, ਲੱਛਮੀ ਚੰਦ, ਨਰੰਜਨ ਸਿੰਘ ਚੁਨਾਗਰਾ,ਕਰਮਜੀਤ ਸਿੰਘ ਸਤੀਪੁਰਾ, ਸੁਰਿੰਦਰ ਸਿੰਘ ਲੌਂਗੋਵਾਲ , ਤੇਜਿੰਦਰ ਸਿੰਘ ਢੱਡਰੀਆਂ, ਸਾਬ ਸਿੰਘ ਤਕੀਪੁਰ ,ਅਵਤਾਰ ਸਿੰਘ ਸਾਹੋਕੇ ਨੇ ਸੰਬੋਧਨ ਕੀਤਾ ।