ਫਗਵਾੜਾ (ਸ਼ਿਵ ਕੋੜਾ) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅੱਜ ਕਾਰਪੋਰੇਸ਼ਨ ਦਫਤਰ ਫਗਵਾੜਾ ਦੀ ਕਾਰਗੁਜਾਰੀ ਦਾ ਅਚਨਚੇਤ ਨਿਰੀਖਣ ਕਰਨ ਲਈ ਪਹੁੰਚੇ। ਜੋਗਿੰਦਰ ਸਿੰਘ ਮਾਨ ਅਤੇ ਆਪ ਆਗੂਆਂ ਦੇ ਅਚਾਨਕ ਆ ਕੇ ਰਿਕਾਰਡ ਚੈਕ ਕਰਨ ਨਾਲ ਦਫਤਰ ਦੇ ਕ੍ਰਮਚਾਰੀਆਂ ਵਿਚ ਹੜਕੰਪ ਮਚ ਗਿਆ। ਸਾਬਕਾ ਮੰਤਰੀ ਮਾਨ ਵਲੋਂ ਹਾਜਰੀ ਰਜਿਸਟਰ ਚੈਕ ਕਰਨ ਤੇ ਪਾਇਆ ਗਿਆ ਕਿ ਕੁੱਲ 93 ਮੁਲਾਜਮਾ ਵਿਚੋਂ 75 ਮੁਲਾਜਮ ਦਫਤਰ ਵਿਖੇ ਹਾਜਰ ਸਨ ਜਦਕਿ 6 ਮੁਲਾਜਮ ਛੁੱਟੀ ਤੇ ਸਨ। ਬਾਕੀ ਦੇ ਬਾਰਾਂ ਮੁਲਾਜਮ ਡਿਊਟੀ ਤੋਂ ਗੈਰ ਹਾਜਰ ਪਾਏ ਗਏ। ਇਸ ਦੌਰਾਨ ਉਹਨਾਂ ਕਾਰਪੋਰੇਸ਼ਨ ਦਫਤਰ ਵਿਚ ਆਪਣੇ ਕੰਮ ਕਰਵਾਉਣ ਆਉਣ ਵਾਲੇ ਸ਼ਹਿਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਲੋਕਾਂ ਨੇ ਨਗਰ ਨਿਗਮ ਦਫਤਰ ਵਿਚ ਹੋਣ ਵਾਲੀ ਖੱਜਲ ਖੁਆਰੀ ਬਾਰੇ ਖੁੱਲ ਕੇ ਦੱਸਿਆ। ਜਿਸ ਤੇ ਸ. ਮਾਨ ਨੇ ਕਿਹਾ ਕਿ ਉਹ ਰਿਪੋਰਟ ਤਿਆਰ ਕਰਕੇ ਮਾਲ ਵਿਭਾਗ ਨੂੰ ਭੇਜ ਰਹੇ ਹਨ ਤਾਂ ਜੋ ਬਣਦੀ ਕਾਰਵਾਈ ਹੋ ਸਕੇ। ਹਾਲਾਂਕਿ ਕਾਰਪੋਰੇਸ਼ਨ ਦੇ ਅਧਿਕਾਰੀ ਸਾਬਕਾ ਮੰਤਰੀ ਮਾਨ ਨੂੰ ਸਫਾਈਆਂ ਪੇਸ਼ ਕਰਦੇ ਰਹੇ। ਮਾਨ ਨੇ ਕਿਹਾ ਕਿ ਹੁਣ ਪੁਰਾਣਾ ਸਿਸਟਮ ਨਹੀਂ ਚੱਲੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਜਨਤਾ ਨੂੰ ਨਿਰੋਲ ਸ਼ਾਸਨ ਤੇ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਹੈ। ਸਰਕਾਰੀ ਮੁਲਾਜਮਾ ਨੂੰ ਡਿਊਟੀ ਪ੍ਰਤੀ ਇਮਾਨਦਾਰ ਹੋਣਾ ਪਵੇਗਾ। ਡਿਊਟੀ ਵਿਚ ਕੋਤਾਹੀ ਕਰਨ ਵਾਲੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਜਰੂਰੀ ਹੋਣ ਤੇ ਸਖ਼ਤ ਵਿਭਾਗੀ ਕਾਰਵਾਈ ਵੀ ਹੋਵੇਗੀ। ਇਸ ਮੌਕੇ ਸਾਬਕਾ ਮੰਤਰੀ ਮਾਨ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਪੰਡਵਾ, ਹਰਮੇਸ਼ ਪਾਠਕ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਰਵਿੰਦਰ ਸਿੰਘ ਪੀ.ਏ., ਸਾਬੀ ਗਿਰਨ, ਗੁਰੀ ਮਨਸਾ ਦੇਵੀ ਨਗਰ, ਸ਼ੁਭਮ ਕਵਾਤਰਾ, ਸੌਰਵ ਹਾਂਡਾ ਆਦਿ ਵੀ ਸਨ।