
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਓਰੀਐਂਟ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ, ਮਾਛੀਵਾੜਾ ਸਾਹਿਬ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਸਹੋਦਿਆ ਅੰਤਰ-ਸਕੂਲ ਗਣਿਤ ਕੁਇਜ਼ ਮੁਕਾਬਲਾ 2026’ ਸਫਲਤਾਪੂਰਵਕ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੀਆਂ 13 ਰਜਿਸਟਰਡ ਟੀਮਾਂ ਵਿੱਚੋਂ 12 ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤਕ ਯੋਗਤਾ, ਤਰਕਪੂਰਨ ਸੋਚ, ਵਿਸ਼ਲੇਸ਼ਣਾਤਮਕ ਸੋਚ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਨੂੰ ਉਤਸ਼ਾਹਿਤ ਕਰਨਾ ਸੀ, ਤਾਂ ਜੋ ਉਨ੍ਹਾਂ ਵਿੱਚ ਇੱਕ ਸਿਹਤਮੰਦ ਵਿਦਿਅਕ ਮੁਕਾਬਲੇ ਦੀ ਭਾਵਨਾ ਪੈਦਾ ਹੋ ਸਕੇ। ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਕਈ ਚੁਣੌਤੀਪੂਰਨ ਦੌਰਾਂ ਦੌਰਾਨ ਆਪਣੇ ਗਣਿਤਕ ਗਿਆਨ, ਤੇਜ਼ ਸੋਚ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਇਹਨਾਂ ਮੁਕਾਬਲਾ ਵਿੱਚ ਗ੍ਰੀਨ ਗਰੋਵ ਪਬਲਿਕ ਸੀਨੀਅਰ ਸੈਕੰਡਰੀ ਖੰਨਾ ਸਕੂਲ ਨੇ ਪਹਿਲਾ ਸਥਾਨ, ਦੋਰਾਹਾ ਪਬਲਿਕ ਸਕੂਲ (ਦੋਰਾਹਾ) ਨੇ ਦੂਜਾ ਸਥਾਨ ਅਤੇ ਦ ਸੁਪੀਰੀਅਰ ਵਰਲਡ ਸਕੂਲ ( ਮਾਛੀਵਾੜਾ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ, ਮਾਛੀਵਾੜਾ ਸਾਹਿਬ ਨੂੰ ਹੌਸਲਾ-ਅਫਜ਼ਾਈ ਇਨਾਮ ਦਿੱਤਾ ਗਿਆ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ, ਜਦਕਿ ਜੇਤੂ ਟੀਮਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਮੇਜ਼ਬਾਨ ਸਕੂਲ, ਓਰੀਐਂਟ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਦੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀ ਭਾਗੀਦਾਰੀ ਅਤੇ ਯਤਨਾਂ ਲਈ ‘ਪ੍ਰਸ਼ੰਸਾ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਨ ਨੇ ਜਿਊਰੀ ਮੈਂਬਰਾਂ ਅਤੇ ਨਿਰੀਖਕ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁਕਾਬਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ। ਇਸ ਮੌਕੇ ਸਾਰੇ ਹਾਜ਼ਰੀਨ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਓਰੀਐਂਟ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਦੇ ਪ੍ਰਿੰਸੀਪਲ ਸ੍ਰੀ ਰਜਤ ਸ਼ਰਮਾ ਨੇ ਭਾਗ ਲੈਣ ਵਾਲੇ ਸਕੂਲਾਂ, ਨਾਲ ਆਏ ਅਧਿਆਪਕਾਂ, ਵਿਦਿਆਰਥੀਆਂ, ਜਿਊਰੀ ਮੈਂਬਰਾਂ, ਨਿਰੀਖਕ ਅਤੇ ਆਯੋਜਕ ਟੀਮ ਦਾ ਉਨ੍ਹਾਂ ਦੇ ਸਹਿਯੋਗ ਅਤੇ ਸਮਰਪਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਵਿਦਿਅਕ ਮੁਕਾਬਲੇ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ , ਆਤਮ-ਵਿਸ਼ਵਾਸ ਅਤੇ ਜੀਵਨ ਭਰ ਸਿੱਖਦੇ ਰਹਿਣ ਦੀ ਭਾਵਨਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਸਮਾਗਮ ਪ੍ਰਸ਼ੰਸਾ, ਆਪਸੀ ਸਹਿਯੋਗ ਅਤੇ ਅਕਾਦਮਿਕ ਉੱਤਮਤਾ ਦੀ ਭਾਵਨਾ ਨਾਲ ਸੰਪੰਨ ਹੋਇਆ। ਇਸ ਨੇ ਸਾਹੋਦਿਆ ਦੇ ਅਸਲ ਉਦੇਸ਼ “ਇਕੱਠੇ ਸਿੱਖਣਾ, ਇਕੱਠੇ ਅੱਗੇ ਵਧਣਾ ਅਤੇ ਮਿਲ ਕੇ ਉੱਤਮਤਾ ਹਾਸਲ ਕਰਨਾ” ਨੂੰ ਸਾਕਾਰ ਕੀਤਾ।