
– ਲਾਪਰਵਾਹੀ ਦੇ ਚੱਲਦੇ ਕਦੇ ਵੀ ਹੋ ਸਕਦਾ ਹੈ ਹਾਦਸਾ
ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ, ਕੁਲਭੂਸ਼ਣ) : ਜਲਾਲਾਬਾਦ ਰੋਡ ਤੇ ਉਸਾਰੀ ਅਧੀਨ ਫਲਾਈਓਵਰ ਤਕਰੀਬਨ ਚਾਰ ਸਾਲ ਤੋਂ ਉਸਾਰੀ ਅਧੀਨ ਹੈ ਜਿਸਦੀ ਲੰਬਾਈ 690 ਮੀਟਰ ਹੈ ਅਤੇ ਇਸ ਪੁਲ ਤੇ ਤਰਕੀਬਨ 37 ਕਰੋੜ ਰੁਪਏ ਖਰਚ ਹੋਣਾ ਹੈ। ਰੇਲਵੇ ਨੇ ਆਪਣੇ ਹਿੱਸੇ ਦਾ ਪੁਲ 31 ਅਕਤੂਬਰ 2021 ਨੂੰ ਮੁਕੰਮਲ ਕਰ ਦਿੱਤਾ ਸੀ ਪਰ ਲੋਕ ਨਿਰਮਾਣ ਵਲੋਂ ਪੰਜਾਬ ਦੇ ਹਿੱਸੇ ਦਾ ਪੁਲ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਮੁਕੰਮਲ ਨਹੀਂ ਹੋਇਆ। ਇਹ ਪੁਲ ਲੋਕਾਂ ਲਈ ਜੀ ਦਾ ਜੰਜਾਲ ਬਣਿਆ ਪਿਆ ਹੈ। ਪੁਲ ਦੀ ਉਸਾਰੀ ਦੌਰਾਨ ਤਿੰਨ ਵੱਡੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ। ਹਾਦਸਿਆਂ ਦੇ ਬਾਵਜੂਦ ਵੀ ਸੁਰੱਖਿਆ ਦੇ ਇੰਤਜਾਮਾਂ ਦੀ ਅਣਦੇਖੀ ਹੋ ਰਹੀ ਹੈ। ਪੁਲ ਦੇ ਹੇਠਾਂ ਦੁਕਾਨਦਾਰ ਦੁਕਾਨਾਂ ਸਜਾ ਕੇ ਆਪਣੇ ਖੁਦ ਨਾਲ ਅਤੇ ਦੂਜਿਆਂ ਲਈ ਮੌਤ ਦੀ ਦਾਵਤ ਦੇ ਰਹੇ ਹਨ। ਫਲਾਈਓਵਰ ਦੇ ਹੇਠਾਂ ਬਣੀਆਂ ਦੁਕਾਨਾਂ, ਸਬਜੀ ਦੀਆਂ ਰੇਹੜੀਆਂ, ਠੇਲੇ ਲਗਾਉਣ ਵਾਲੇ ਲੋਕ ਅਤੇ ਪਾਰਕਿੰਗ ਬਣੀ ਹੋਈ ਹੈ। ਜਲਾਲਾਬਾਦ ਰੋਡ ਫਾਟਕ ਤੋਂ ਲੈ ਕੇ ਸਾਈਨਪਾਲ ਸਿਨੇਮੇ ਤੱਕ ਪੁਲ ਦੇ ਦੂਜੇ ਪਾਸੇੇ ਸਰਵਿਸ ਰੋਡ ਦੀ ਚੋੜਾਈ 10 ਤੋਂ 12 ਫੁੱਟ ਤੱਕ ਹੈ, ਜਦਕਿ ਨਿਯਮਾਂ ਅਨੁਸਾਰ ਸਾਢੇ 7 ਮੀਟਰ ਚੌੜੇ ਪੁੱਲ ਲਈ 20 ਫੁੱਟ ਸਰਵਿਸ ਰੋਡ ਚਾਹੀਦੀ ਹੈ ਅਤੇ ਮੌਕੇ ਤੇ ਜਗਾਂ ਘੱਟ ਹੋਣ ਕਰਕੇ ਰਹਿੰਦੀ ਖੁੰਹਦੀ ਕਸਰ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਸਿਫ਼ਟ ਤਾਂ ਕੀਤੇ ਹਨ, ਪਰ ਬੇਢੰਗੇ ਤਰੀਕੇ ਨਾਲ। ਬਿਲਡਿੰਗ ਬਾਈਲਾਜ ਦੇ ਮੁਤਾਬਕ ਖੰਭਾ ਬਿਲਡਿੰਗ ਲਾਈਨ ਤੋਂ ਇਕ ਮੀਟਰ ਦੇ ਅੰਦਰ ਹੋਣਾ ਚਾਹੀਦਾ ਹੈ ਪਰ ਕਮਾਲ ਹੈ ਕਿ ਬਿਜਲੀ ਦੇ ਖੰਭੇ ਵੀ ਸਹੀ ਕਤਾਰ ’ਚ ਨਹੀਂ ਲਗਾਏ ਗਏ। ਖੰਭਿਆਂ ਨੂੰ ਵੇਖਣ ਤੇ ਪਤਾ ਲੱਗਦਾ ਹੈ ਕਿ ਇਹ ਖੰਭੇ ਇੰਜੀਨੀਅਰ ਦੀ ਬਜਾਏ ਅਣਪੜ ਮਜਦੂਰਾਂ ਨੇ ਲਗਾਏ ਹਨ। ਪੁਲ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 12 ਵਾਰ ਡੈਡ ਲਾਈਨ ਫਿਕਸ ਕੀਤੀ ਜਾ ਚੁੱਕੀ ਹੈ ਕਦੇ ਮੇਲਾ,ਕਦੇ ਵੈਸਾਖੀ, ਕਦੇ ਦੁਸ਼ਹਿਰਾ,ਕਦੇ ਦੀਵਾਲੀ। ਪੁਲ ਦੇ ਹੇਠਾਂ ਪ੍ਰਾਈਵੇਟ ਵਾਹਨਾਂ ਦੇ ਸਟੈਂਡ ਹੋਣ ਦੇ ਚੱਲਦੇ ਵੀ ਰਾਹਗੀਰਾਂ ਨੂੰ ਦਿੱਕਤ ਆ ਰਹੀ ਹੈ। ਰੇਲ ਹੈਡ ਨੂੰ ਜਾਣ ਵਾਲੇ ਟਰੈਕਟਰ ਟਰਾਲੀਆਂ ਜਲਾਲਾਬਾਦ ਰੋਡ ਤੋਂ ਟਿੱਬੀ ਸਾਹਿਬ ਰੋਡ ਅਤੇ ਟਿੱਬੀ ਸਾਹਿਬ ਰੋਡ ਤੋਂ ਰਾਮਾ �ਿਸ਼ਨਾ ਸਕੂਲ ਤੋਂ ਹੁੰਦੇ ਹੋਏ ਰੇਲ ਮਾਲ ਗੋਦਾਮ ਨੂੰ ਆਉਂਦੀਆਂ ਜਾਂਦੀਆਂ ਹਨ, ਜਦਕਿ ਨਿਯਮਾਂ ਅਨੁਸਾਰ ਟਰੈਫਿਕ ਨੇ ਖੰਭੇ ਹੱਥ ਜਾਣਾ ਹੁੰਦਾ ਹੈ, ਪਰ ਇੱਥੇ ਵੇਖਣ ਵਿਚ ਆਇਆ ਹੈ ਕਿ ਪੁਲ ਦੇ ਇਕ ਪਾਸੇ ਹੀ ਵਾਹਨਾਂ ਦਾ ਆਉਣ ਜਾਣ ਬਣਿਆ ਹੋਇਆ ਹੈ। ਜੇਕਰ ਪੁਲ ਲੋਕਾਂ ਦੀ ਸਹੂਲਤ ਲਈ ਬਣਾਇਆ ਜਾਣਾ ਸੀ ਪਰ ਇਹ ਗਾਈਡਲਾਇਨ ਦੇ ਮੁਤਾਬਕ ਜਨਤਾ ਨੂੰ ਸਹੂਲਤ ਨਹੀਂ ਦੇ ਰਿਹਾ। ਤੁਲਸੀ ਰਾਮ ਸਟਰੀਟ ਕੋਲ ਬਿਜਲੀ ਦਾ ਖੰਭਾ ਅਤੇ ਰੇਲਵੇ ਵਲੋਂ ਨਜਾਇਜ ਤੌਰ ਤੇ ਬਣਾਈ ਗਈ ਦੀਵਾਰ ਤੁਲਸੀ ਰਾਮ ਬਜਾਰ ਦੀਆਂ ਹੋਲ ਸੇਲ ਮਾਰਕਿਟਾਂ ਦਾ ਸਾਰਾ ਕੰਮ ਠੱਪ ਹੋ ਗਿਆ। ਇਸੇ ਤਰਾਂ ਰਾਮ ਭਗਤੀ ਮਾਰਗ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਬਿਜਲੀ ਮਹਿਕਮੇ ਨੇ ਖੰਭਾ ਸੜਕ ਦੇ ਵਿਚਕਾਰ ਲਗਾਇਆ ਹੈ। ਹੁਣ ਸਿਫਟ ਕਰਨ ਲਈ ਦੁਬਾਰਾ ਪੈਸੇ ਮੰਗੇ ਜਾ ਰਹੇ ਹਨ, ਜਦਕਿ ਪਹਿਲਾਂ ਹੀ 80 ਲੱਖ ਰੁਪਏ ਪੋਲ ਸਿਫ਼ਟ ਕਰਨ ਲਈ ਜਮਾਂ ਕਰਵਾਏ ਸਨ। ਜਲਾਲਾਬਾਦ ਰੋਡ ਤੇ ਕਰਿਆਨਾ ਯੂਨੀਅਨ ਅਤੇ ਗਊਸ਼ਾਲਾ ਦੇ ਪ੍ਰਧਾਨ ਅਮਿ੍ਰਤ ਖੁਰਾਣਾ ਅਤੇ ਹੋਲ ਸੇਲ ਦੇ ਵਪਾਰੀ ਰਾਜੇਸ਼ ਕਟਾਰੀਆ ਨੇ ਦੱਸਿਆ ਕਿ ਸਰਵਿਸ ਰੋਡ ਦੀ ਚੌੜਾਈ ਤਕਰੀਬਨ 13 ਫੁੱਟ ਹੈ ਤੇ ਖੰਭੇ ਲੱਗਣ ਕਰਕੇ 10 ਫੁੱਟ ਤੋਂ ਵੀ ਘੱਟ ਰਹਿ ਜਾਂਦੀ ਹੈ। ਜਦਕਿ ਸਰਵਿਸ ਰੋਡ ਦੀ ਚੌੜਾਈ 20 ਫੁੱਟ ਹੋਣੀ ਚਾਹੀਦੀ ਹੈ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ 10 ਫੁੱਟ ਥਾਂ ਹੋਰ ਲੈ ਕੇ ਸਰਵਿਸ ਰੋਡ ਦੀ ਚੌੜਾਈ ਪੂਰੀ ਕੀਤੀ ਜਾਵੇ ਤਾਂ ਜੋ ਪੁੱਲ ਦਾ ਲੋਕਾਂ ਨੂੰ ਫਾਇਦਾ ਹੋ ਸਕੇ। ਪੁਲ ਦੇ ਦੋਨੋਂ ਪਾਸੇ ਸਰਵਿਸ ਰੋਡ ਤੇ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਤੇ ਸ਼ਾਮ ਹੁੰਦੇ ਹੀ ਹਨੇਰਾ ਛਾ ਜਾਂਦਾ ਹੈ। ਸੜਕ ਤੇ ਮਲਬੇ ਦੇ ਢੇਰ ਖਿਲਰੇ ਹੋਏ ਹਨ ਜੋ ਟਰੈਫਿਕ ਵਿਚ ਵਿਘਨ ਪਾਉਂਦੇ ਹਨ। ਜਿਕਰਯੋਗ ਹੈ ਕਿ ਮੇਲਾ ਮਾਘੀ ਨੂੰ ਕਰੀਬ 1 ਹਫਤਾ ਰਹਿ ਗਿਆ ਹੈ ਅਤੇ ਮਾਘੀ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਦੂਰ ਦੂਰ ਤੋਂ ਨਤਮਸਤਕ ਹੋਣ ਆਉਂਦੀਆਂ ਹਨ ਇਸ ਲਈ ਪ੍ਰਸ਼ਾਸਨ ਨੂੰ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਮਾਘੀ ਮੇਲੇ ਤੇ ਆਉਣ ਵਾਲੀਆਂ ਸੰਗਤਾਂ ਨੂੰ ਪਰੇਸ਼ਾਨੀ ਪੇਸ਼ ਨਾ ਆਵੇ। ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੁਲ ਦੇ ਦੋਨੋਂ ਪਾਸੇ ਸਰਵਿਸ ਰੋਡ ਦੀ ਚੋੜਾਈ ਨਿਯਮਾਂ ਅਨੁਸਾਰ ਪੂਰੀ ਕੀਤੀ ਜਾਵੇ ਅਤੇ ਗਲਤ ਢੰਗ ਨਾਲ ਲੱਗੇ ਖੰਭੇ ਦੁਰੱਸਤ ਕਰਕੇ ਲਗਾਏ ਜਾਣ, ਸਟਰੀਟ ਲਾਇਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਲ ਦੇ ਹੇਠਾਂ ਲੱਗੀਆਂ ਦੁਕਾਨਾਂ, ਈ ਰਿਕਸ਼ਾ ਅਤੇ ਹੋਰ ਵਾਹਨਾਂ ਦੀ ਪਾਰਕਿੰਗ ਅਤੇ ਰੇਹੜੀ ਮਾਰਕਿਟ ਨੂੰ ਹਟਾਇਆ ਜਾਵੇ।