
- ਪ੍ਰੇਮ ਕੁਮਾਰ ਨੇ ਅੱਪਰਾ–ਧੁਲੇਤਾ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਪਿਛਲੇ ਮਹੀਨੇ ਰੱਖਿਆ ਸੀ ਨੀਂਹ ਪੱਥਰ
- ਜਲੰਧਰ ਡਿਪਟੀ ਕਮਿਸ਼ਨਰ ਨੇ ਨੀਂਹ ਪੱਥਰਾਂ ਲਈ ਬਣੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖੀ ਚਿੱਠੀ
ਫਿਲੌਰ (Check Post) : ਆਮ ਆਦਮੀ ਪਾਰਟੀ ਦੇ ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਬੁੱਧਵਾਰ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕ ਨਿਰਮਾਣ ਵਿਭਾਗ ਨੇ ਉਨ੍ਹਾਂ ਵੱਲੋਂ ਪਿਛਲੇ ਮਹੀਨੇ ਰੱਖਿਆ ਨੀਂਹ ਪੱਥਰ ਹਟਾ ਦਿੱਤਾ। ਪ੍ਰਸ਼ਾਸਨ ਵੱਲੋਂ ਪਾਇਆ ਗਿਆ ਕਿ ਇਹ ਨੀਂਹ ਪੱਥਰ ਪ੍ਰੋਟੋਕੋਲ ਅਤੇ ਦਿਸ਼ਾ- ਨਿਰਦੇਸ਼ਾਂ ਦੀ ਉਲੰਘਣਾ ਕਰਕੇ ਰੱਖਿਆ ਗਿਆ ਸੀ ਕਿਉਂਕਿ ਪ੍ਰੇਮ ਕੁਮਾਰ ਕੋਲ ਕੋਈ ਵੀ ਸੰਵੈਧਾਨਿਕ ਤੇ ਸਰਕਾਰੀ ਅਹੁਦਾ ਨਹੀਂ ਹੈ। ‘ਆਪ’ ਹਲਕਾ ਇੰਚਾਰਜ ਨੇ 17 ਅਪ੍ਰੈਲ ਨੂੰ 6.72 ਕਿਲੋਮੀਟਰ ਲੰਬੀ ਅੱਪਰਾ-ਧੁਲੇਤਾ ਸੜਕ ‘ਤੇ ਪ੍ਰੀਮਿਕਸ ਲੁੱਕ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਇਸ ਸੜਕ ਨੂੰ ਬਣਾਉਣ ਦਾ ਕੰਮ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2021 ਵਿੱਚ ਸ਼ੁਰੂ ਹੋਇਆ ਸੀ। ਇਸ ਸੜਕ ‘ਤੇ ਵੱਟੇ ਪਹਿਲਾਂ ਹੀ ਪਾ ਦਿੱਤੇ ਗਏ ਸਨ, ਪਰ ਸਰਦ ਰੁੱਤ ਦੌਰਾਨ ਕੰਮ ਰੋਕ ਦਿੱਤਾ ਗਿਆ ਤੇ ਪ੍ਰੀਮਿਕਸ ਲੁੱਕ ਪਾਉਣ ਲਈ ਗਰਮੀ ਦੀ ਉਡੀਕ ਕੀਤੀ ਗਈ। ਨੀਂਹ ਪੱਥਰ ਰੱਖਣ ਤੋਂ ਤੁਰੰਤ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ ਕਿਉਂਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਅਤੇ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਨਾ ਹੋਣ ਵਾਲੇ

ਵਿਅਕਤੀ ਨੂੰ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਉਦਘਾਟਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਅਤੇ ਸਿਆਸੀ ਲਾਹਾ ਖੱਟਣ ਲਈ ਪ੍ਰੇਮ ਕੁਮਾਰ ਵੱਲੋਂ ਇਹ ਪੱਥਰ ਰੱਖਿਆ ਗਿਆ। ਇਸ ਉਪਰੰਤ 20 ਅਪਰੈਲ ਨੂੰ ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਪੱਤਰ ਲਿਖ ਕੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਾਰੇ ਸਰਕਾਰੀ ਪੱਥਰਾਂ ਦੀ ਸਮਰੱਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਗਲਤੀ ਜਾਂ ਪ੍ਰੋਟੋਕੋਲ ਦੀ ਉਲੰਘਣਾ ਲਈ ਮੁਖੀ ਖ਼ੁਦ ਜ਼ਿੰਮੇਵਾਰ ਹੋਣਗੇ। ਇਨ੍ਹਾਂ ਹਦਾਇਤਾਂ ’ਤੇ ਅਮਲ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਅੱਪਰਾ-ਧੁਲੇਤਾ ਸੜਕ ਦਾ ਪੱਥਰ ਹਟਾ ਦਿੱਤਾ। ਇੱਥੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਪਰੀ ਇੱਕ ਹੋਰ ਵਿਵਾਦਿਤ ਘਟਨਾ ਵੀ ਜ਼ਿਕਰਯੋਗ ਹੈ। 2 ਮਈ ਨੂੰ ਪ੍ਰੇਮ ਕੁਮਾਰ ਅਤੇ ਇੱਕ ਹੋਰ ‘ਆਪ’ ਆਗੂ ਜੋਗਿੰਦਰ ਸਿੰਘ ਮਾਨ ਨੇ ਨਗਰ ਕੌਂਸਲ ਫਗਵਾੜਾ ਦਫ਼ਤਰ ਵਿਖੇ ਉਸ ਸਮੇਂ ਭਾਰੀ ਹੰਗਾਮਾ ਕੀਤਾ ਸੀ ਜਦੋਂ ਫਿਲੌਰ ਅਤੇ ਗੁਰਾਇਆ ਨਗਰ ਕੌਂਸਲਾਂ ਦੇ ਪ੍ਰਧਾਨ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਸਮੇਤ ਪੰਜਾਬ ਸਰਕਾਰ ਵੱਲੋਂ ਅਲਾਟ ਨਵੇਂ ਫਾਇਰ ਟੈਂਡਰ ਲੈਣ ਲਈ ਉੱਥੇ ਪੁੱਜੇ ਸਨ। ਜੋਗਿੰਦਰ ਮਾਨ ਨੇ ਵਧੀਕ ਡਿਪਟੀ ਕਮਿਸ਼ਨਰ ਕਮ ਐਮਸੀ ਫਗਵਾੜਾ ਕਮਿਸ਼ਨਰ ਦਲਜੀਤ ਕੌਰ ਅਤੇ ਹੋਰ ਸਿਵਲ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ ਨੂੰ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ ਸਨ। ਉਹਨਾਂ ਖ਼ਿਲਾਫ਼ ਫਗਵਾੜਾ ਐਸਪੀ ਹਰਿੰਦਰਪਾਲ ਸਿੰਘ ਪਰਮਾਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਬਦਲਾਅ ਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਹੁੰਦੇ ਹੋਏ ਵੀ ਅਜੇ ਤੱਕ ‘ਆਪ’ ਆਗੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।