
ਹੁਣ ਪੰਜਾਬ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗੀ ਮਨਜੋਤ ਕੌਰ
ਹੀਰੋਂ ਖੁਰਦ,(ਗੁਰਵਿੰਦਰ ਸਿੰਘ ਚਹਿਲ) : ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਤੇ ਰੈੱਡ ਕਰਾਸ ਸੁਸਾਇਟੀ, ਜ਼ਿਲ੍ਹਾ ਮਾਨਸਾ ਅਧੀਨ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ।ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ, ਗੁਰਲਾਭ ਸਿੰਘ ਉਪ- ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਵਿਦਿਅਕ ਗਤੀਵਿਧੀਆਂ ਦੇ ਨੋਡਲ ਅਫ਼ਸਰ ਜਗਜੀਵਨ ਸਿੰਘ ਦੀ ਸਰਪ੍ਰਸਤੀ ਹੇਠ ਬੁਢਲਾਡਾ,ਬਰੇਟਾ, ਸਰਦੂਲਗੜ੍ਹ, ਝੁਨੀਰ ਅਤੇ ਮਾਨਸਾ ਬਲਾਕ ਦੇ ਪਹਿਲੇ ਅਤੇ ਦੂਜੇ ਸਥਾਨ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬਹੁਤ ਹੀ ਸਖ਼ਤ ਮੁਕਾਬਲੇ ‘ਚੋਂ ਅਤੇ ਜੱਜ ਡਾ. ਵਿਨੋਦ ਮਿੱਤਲ ਅਤੇ ਗੁਰਜੰਟ ਸਿੰਘ ਲੱਲੂਆਣਾ ਦੀ ਜੱਜਮੈਂਟ ਅਨੁਸਾਰ ਮਨਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ (ਬੱਛੋਆਣਾ) ਦੀ ਵਿਦਿਆਰਥਣ ਨੇ ਬਾਜ਼ੀ ਮਾਰੀ। ਇਸ ਤੋਂ ਬਾਅਦ ਰਾਜ ਪੱਧਰੀ ਮੁਕਾਬਲੇ ਵਿੱਚ ਸਿਰਫ਼ ਪਹਿਲੀ ਪੁਜ਼ੀਸ਼ਨ ਵਾਲਾ ਵਿਦਿਆਰਥੀ ਹੀ ਭਾਗ ਲਵੇਗਾ।ਇਸ ਤਰ੍ਹਾਂ ਜ਼ਿਲ੍ਹੇ ‘ਚੋਂ ਹਰ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਜੀਤਸਰ ਸਕੂਲ ਦੇ ਨਾਂ ਨਾਲ ਇਕ ਹੋਰ ਪ੍ਰਾਪਤੀ ਜੁੜ ਗਈ। ਸਕੂਲ ਮੁਖੀ ਸਤਪਾਲ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਨੇ ਦੱਸਿਆ ਕਿ ਵਿੱਦਿਅਕ ਮੁਕਾਬਲਿਆਂ ਵਿੱਚ ਰਾਜ ਪੱਧਰ ਤਕ ਪ੍ਰਾਪਤੀਆਂ ਕਰ ਚੁੱਕਾ ਹੈ ਅਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਵੀ ਵੱਖ ਵੱਖ ਖੇਡਾਂ ਵਿੱਚ ਬੱਚੇ ਜ਼ਿਲ੍ਹਾ ਪੱਧਰ ਤੱਕ ਪਹੁੰਚ ਚੁੱਕੇ ਹਨ। ਇਸ ਮੌਕੇ ਸਕੂਲ ਸਟਾਫ਼ ‘ਚੋਂ ਮਨਪ੍ਰੀਤ ਕੌਰ, ਮਨਦੀਪ ਕੌਰ, ਰਣਜੀਤ ਸਿੰਘ ਬਰ੍ਹੇ ਅਤੇ ਹਰਜਿੰਦਰ ਸਿੰਘ ਤੋਂ ਇਲਾਵਾ ਸਮੂਹ ਮਾਪਿਆਂ ਨੇ ਹੌਸਲਾ ਅਫਜ਼ਾਈ ਦੇ ਕੇ ਮੁਬਾਰਕਬਾਦ ਦਿੱਤੀ।