
(ਬਿਊਰੋ ਚੈਕ ਪੋਸਟ) ਲੁਧਿਆਣਾ। ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਾ-ਭਰਾ ਰੱਖਣ ਅਤੇ ਬੱਚਿਆਂ ਦੇ ਮਨੋਰੰਜਨ ਲਈ ਸਾਰੇ ਪਾਰਕਾਂ ਦਾ ਨਵੀਨੀਕਰਣ ਤੇ ਸੁੰਦਰੀਕਰਨ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕੀਤਾ। ਉਨਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਪੈਂਦੇ ਸਾਰੇ ਪਾਰਕਾਂ ਦਾ ਨਵੀਨੀਕਰਣ ਤੇ ਸੁੰਦਰੀਕਰਨ ਕੀਤਾ ਜਾਵੇਗਾ ਜਿਸਦੇ ਤਹਿਤ ਪਾਰਕਾਂ ਵਿੱਚ ਫੁੱਲਾਂ ਦੇ ਬੂਟੇ, ਬੱਚਿਆਂ ਲਈ ਝੂਲੇ, ਬੱਚਿਆਂ ਲਈ ਸਵਿੰਗਜ, ਨੌਜਵਾਨਾਂ ਨੂੰ ਕਸਰਤ ਕਰਨ ਲਈ ਓਪਨ ਜਿੰਮ, ਪਾਰਕਾਂ ਦੀ ਚਾਰ ਦਿਵਾਰੀ ਦੀ ਮੁਰੰਮਤ, ਗਿ੍ਰੱਲਾਂ ਲਗਾਉਣਾ, ਛਾਂਦਾਰ ਰੁੱਖਾਂ ਦੇ ਬੂਟੇ ਲਗਾਉਣਾ, ਬਜੁਰਗਾਂ ਲਈ ਸੇਵੇਰ ਸ਼ਾਮ ਦੀ ਸੈਰ ਕਰਨ ਲਈ ਸਮਰਪਿਤ ਫੁੱਟਪਾਥ ਆਦਿ ਸ਼ਾਮਲ ਹਨ। ਵਿਧਾਇਕ ਭੋਲਾ ਨੇ ਦੁਹਰਾਇਆ ਕਿ ਸੂਬਾ ਸਰਕਾਰ ਵੱਲੋ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ‘ ਨਾਂ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 115ਵੇ ਜਨਮ ਦਿਹਾੜੇ ਮੌਕੇ ਵਿਧਾਨ ਸਭਾ ਹਲਕਾ ਪੂਰਬੀ ਵਿੱਚ 50 ਹਜ਼ਾਰ ਬੂਟੇ ਅਤੇ 115 ਤਿ੍ਰਵੈਣੀਆਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਲੱਗੇ ਕੂੜੇ ਦੇ ਡੰਪ ਦਾ ਵੀ ਜਲਦ ਨਿਬੇੜਾ ਕੀਤਾ ਜਾਵੇਗਾ ਤਾਂ ਜੋ ਹਲਕੇ ਦੇ ਵਸਨੀਕਾਂ ਨੂੰ ਰਾਹਤ ਮਿਲ ਸਕੇ। ਵਿਧਾਇਕ ਭੋਲਾ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਕਈ ਸੁੰਦਰੀਕਰਨ ਪ੍ਰੋਜੈਕਟ ਪਾਈਪ ਲਾਈਨ ਵਿੱਚ ਹਨ।