
ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਵਿੱਚ ਕੀਤੇ ਇਨਾਮ ਪ੍ਰਾਪਤ
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ| ਵਿੱਦਿਆ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਸ਼ੇਸ਼ ਯੋਗਦਾਨ ਪਾ ਰਹੀ ਮਾਛੀਵਾੜਾ ਇਲਾਕੇ ਦੀ ਸਿਰਕੱਢ ਸੰਸਥਾ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੜੌਦੀ ਵਿਖੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ।ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀ ਅਤੇ ਮੈਡਲ ਦੇ ਨਾਲ ਸਨਮਾਨਤ ਕੀਤਾ ਗਿਆ ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਸ਼ਨ ਦੇ ਦੌਰਾਨ ਵਿਦਿਆਰਥੀਆਂ ਨੇ ਪੜ੍ਹਾਈ ਦੇ ਖੇਤਰ ਵਿੱਚ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਪੁਜੀਸ਼ਨਾਂ ਹਾਸਲ ਕੀਤੀਆਂ, ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਸਾਲ ਦੇ ਦੌਰਾਨ ਵੱਖ ਵੱਖ ਸਮੇਂ ਤੇ ਕੀਤੀਆਂ ਗਈਆਂ ਗਤੀਵਿਧੀਆਂ ਜਿਸ ਵਿੱਚ ਖੇਡਾਂ, ਸੁੰਦਰ ਲਿਖਾਈ ਮੁਕਾਬਲੇ , ਵੇਸਟ ਮਟੀਰੀਅਲ ਦੁਆਰਾ ਵੱਖ ਵੱਖ ਆਕ੍ਰਿਤੀਆਂ ਬਣਾਉਣ ਦੇ ਮੁਕਾਬਲੇ ,,ਰੰਗੋਲੀ ਮੇਕਿੰਗ ਕੰਪੀਟੀਸ਼ਨ,ਲੜਕਿਆਂ ਲਈ ਮਹਿੰਦੀ ਕੰਪੀਟੀਸ਼ਨ,ਭਾਸ਼ਣ ਮੁਕਾਬਲੇ ਅਤੇ ਹੋਰ ਵੱਖ ਵੱਖ ਮੁਕਾਬਲਿਆਂ ਵਿਚ ਬੱਚਿਆਂ ਨੇ ਵੱਧ ਚਡ਼੍ਹ ਕੇ ਹਿੱਸਾ ਲੈਂਦਿਆਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ।ਨਰਸਰੀ ਜਮਾਤ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਾਲਾਨਾ ਇਮਤਿਹਾਨਾਂ ਵਿਚ ਫਸਟ ਸੈਕਿੰਡ ਥਰਡ ਪੁਜ਼ੀਸ਼ਨਾਂ ਹਾਸਲ ਕਰਨ ਤੇ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।ਆਪਣੇ ਬੱਚਿਆਂ ਦਾ ਨਤੀਜਾ ਪ੍ਰਾਪਤ ਕਰਨ ਵਾਲੇ ਆਉਣ ਵਾਲੇ ਮਾਤਾ ਪਿਤਾ ਸਕੂਲ ਵਿੱਚ ਅਧਿਆਪਕਾਂ ਦੁਆਰਾ ਸਜਾਏ ਗਏ ਗਰੀਨ ਬੋਰਡ ,ਕੀਤੀ ਗਈ ਸ਼ਾਨਦਾਰ ਡੈਕੋਰੇਸ਼ਨ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਤੋਂ ਬੇਹੱਦ ਖੁਸ਼ ਨਜ਼ਰ ਆਏ।ਪੜ੍ਹਾਈ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਇਨਾਮ ਪ੍ਰਾਪਤ ਕਰ ਕੇ ਜਿੱਥੇ ਖ਼ੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ ਸਨ ਉੱਥੇ ਵੱਖ ਵੱਖ ਗਤੀਵਿਧੀਆਂ ਰਾਹੀਂ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਚਿਹਰਿਆਂ ਤੇ ਵੀ ਖੁਸ਼ੀ ਦੇਖਣ ਵਾਲੀ ਸੀ ।ਆਪਣੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਕੇ ਮਾਤਾ ਵਿਧਾ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।ਸਕੂਲ ਪ੍ਰਬੰਧਕ ਪਰਮਜੀਤ ਸਿੰਘ ਨੇ ਸਕੂਲ ਵਿੱਚ ਨਤੀਜਾ ਲੈਣ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੇ ਪੂਰੇ ਸਾਲ ਭਰ ਦੀ ਮਿਹਨਤ ਦਾ ਫਲ ਹੈ ਜੋ ਅੱਜ ਰਿਪੋਰਟ ਕਾਰਡ ਦੇ ਉੱਤੇ ਨੰਬਰਾਂ ਦੇ ਰੂਪ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਜੂਦਗੀ ਵਿਚ ਦਿੱਤਾ ਜਾ ਰਿਹੈ।ਉਨ੍ਹਾਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਅਤੇ ਇਨਾਮ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਰੱਜ ਕੇ ਮਿਹਨਤ ਕਰਨ ਅਤੇ ਵੱਡੀਆਂ ਬੁਲੰਦੀਆਂ ਛੂਹਣ ਦੀ ਕਾਮਨਾ ਪ੍ਰਗਟ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਬਲ ਬਣਾਉਣ ਵਾਲੇ ਅਧਿਆਪਕ ਸਹਿਬਾਨਾਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਵਿਦਿਆਰਥੀ ਇਸ ਮੁਕਾਮ ਤੱਕ ਪਹੁੰਚੇ ਹਨ ।ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਲਾਕੜਾ ਲੱਗਿਆ ਰਿਹਾ ਪਰ ਬਹੁਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਪੂਰਨ ਸਹਿਯੋਗ ਦਿੰਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਸਾਡੇ ਨਾਲ ਜੋੜੀ ਰੱਖਿਆ ਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪਿੱਛੇ ਨਹੀਂ ਪੈਣ ਦਿੱਤਾ। ਉਨ੍ਹਾਂ ਸਾਰੇ ਮਾਤਾ ਪਿਤਾ ਦਾ ਇਸ ਦਿੱਤੇ ਵੱਡੇ ਸਹਿਯੋਗ ਸਦਕਾ ਦਿਲੋ ਧੰਨਵਾਦ ਪ੍ਰਗਟ ਕੀਤਾ ।ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਇਲਾਕੇ ਦੀ ਆਪਣੀ ਸੰਸਥਾ ਹਰਜਸ ਪਿਛਲੇ ਲੰਬੇ ਸਮੇਂ ਤੋਂ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਰਾਹੀਂ ਇਲਾਕੇ ਵਿੱਚ ਸੇਵਾ ਨਿਭਾ ਰਹੀ ਹੈ ਅਤੇ ਇਲਾਕੇ ਦੇ ਸਹਿਯੋਗ ਸਦਕਾ ਇਸ ਸੇਵਾ ਨੂੰ ਉਹ ਨਿਰਵਿਘਨ ਜਾਰੀ ਰੱਖਣਗੇ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਸਮੇਂ ਲਾਕਡਾਊਨ ਦੇ ਦੌਰਾਨ ਭਾਵੇਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਖੜੋਤ ਜ਼ਰੂਰ ਆਈ ਪਰ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਉਨ੍ਹਾਂ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਿਆ ਹੈ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਜਿਸ ਵਿਚ ਮਾਸਟਰ ਸਤੀਸ਼ ਕੁਮਾਰ, ਰਮਨਦੀਪ ਕੌਰ, ਨਵਨੀਤ ਕੌਰ,ਰਾਜਵਿੰਦਰ ਕੌਰ, ਰਾਕੇਸ਼ ਰਾਣੀ ,ਰਾਜਵੰਤ ਕੌਰ,ਨਵਦੀਪ ਕੌਰ ,ਸੀਮਾ ਰਾਣੀ, ਰੀਤੂ ਸ਼ਰਮਾ, ਲਲਿਤਾ, ਸੰਸਾਰਦੀਪ ਕੌਰ ,ਸੁਮਨ ਸ਼ਰਮਾ, ਜਸਬੀਰ ਕੌਰ ,ਜਗਰੂਪ ਕੌਰ, ਪਰਮਿੰਦਰ ਕੌਰ, ਸੁਮਨਦੀਪ ਕੌਰ ,ਅਨੂ, ਮੂਰਤੀ ਦੇਵੀ , ਦਿਲਪ੍ਰੀਤ ਕੌਰ , ਅਮਨਦੀਪ ਕੌਰ’ਦਵਿੰਦਰ ਕੌਰ ਆਦਿ ਮੌਜੂਦ ਸਨ।